ਮੁੰਬਈ, 7 ਨਵੰਬਰ
ਗਲੈਨ ਮੈਕਸਵੈੱਲ ਦੇ ਕਰੀਅਰ ਦੀ ਸਰਬੋਤਮ ਪਾਰੀ ਅਤੇ ਕਪਤਾਨ ਪੈਟ ਕਮਿਨਸ ਨਾਲ ਉਸ ਦੀ ਰਿਕਾਰਡ ਦੀ 202 ਦੌੜਾਂ ਦੀ ਭਾਈਵਾਲੀ ਦੀ ਮਦਦ ਨਾਲ ਆਸਟਰੇਲੀਆ ਨੇ ਅੱਜ ਇੱਥੇ ਅਫਗਾਨਿਸਤਾਨ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਲਗਾਤਾਰ ਛੇਵੀਂ ਜਿੱਤ ਨਾਲ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਅਫਗਾਨਿਸਤਾਨ ਵੱਲੋਂ ਦਿੱਤੇ 292 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੈਕਸਵੈੱਲ (128 ਗੇਂਦਾਂ ’ਚ ਨਾਬਾਦ 201 ਦੌੜਾਂ) ਨੇ ਦੋਹਰਾ ਸੈਂਕੜਾ ਲਗਾਇਆ, ਜਿਸ ਦੀ ਮਦਦ ਨਾਲ ਆਸਟਰੇਲੀਆ ਨੇ 91 ਦੌੜਾਂ ’ਤੇ ਸੱਤ ਵਿਕਟਾਂ ਗੁਆਉਣ ਦੇ ਬਾਵਜੂਦ 46.5 ਓਵਰਾਂ ’ਚ ਸੱਤ ਵਿਕਟਾਂ ’ਤੇ 293 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਮੈਕਸਵੈੱਲ ਨੇ ਕਮਿਨਸ (68 ਗੇਂਦਾਂ ’ਤੇ ਨਾਬਾਦ 12 ਦੌੜਾਂ) ਨਾਲ ਅੱਠਵੀਂ ਵਿਕਟ ਲਈ 202 ਦੌੜਾਂ ਦੀ ਭਾਈਵਾਲੀ ਕੀਤੀ, ਜੋ ਇੱਕ ਰੋਜ਼ਾ ਕ੍ਰਿਕਟ ਦੇ ਇਤਿਹਾਸ ’ਚ ਆਖਰੀ ਤਿੰਨ ਵਿਕਟਾਂ ਲਈ ਸਭ ਤੋਂ ਵੱਡੀ ਭਾਈਵਾਲੀ ਹੈ। ਇਸ ਵਿੱਚ ਮੈਕਸਵੈੱਲ ਨੇ 179 ਦੌੜਾਂ ਦਾ ਯੋਗਦਾਨ ਪਾਇਆ। ਮੈਕਸਵੈੱਲ ਨੇ ਮੁਜੀਬ-ਉਰ-ਰਹਿਮਾਨ ਦੀਆਂ ਗੇਂਦਾਂ ’ਤੇ ਲਗਾਤਾਰ ਤਿੰਨ ਛੱਕੇ ਅਤੇ ਇੱਕ ਚੌਕਾ ਲਗਾ ਕੇ ਆਸਟਰੇਲੀਆ ਨੂੰ ਟੀਚੇ ਤੱਕ ਪਹੁੰਚਾਇਆ। ਅਫ਼ਗ਼ਾਨਿਸਤਾਨ ਨੇ ਆਸਟਰੇਲੀਆ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ ਵਿੱਚ 5 ਵਿਕਟਾਂ ’ਤੇ 291 ਦੌੜਾਂ ਬਣਾਈਆਂ ਸਨ। ਟੀਮ ਵੱਲੋਂ ਇਬਰਾਹੀਮ ਜ਼ਦਰਾਨ ਨੇ 143 ਗੇਂਦਾਂ ’ਤੇ ਸ਼ਾਨਦਾਰ 129 ਦੌੜਾਂ ਬਣਾ ਕੇ ਟੀਮ ਨੂੰ ਮਜ਼ਬੂਤੀ ਦਿੱਤੀ। ਇਸ ਤੋਂ ਪਹਿਲਾਂ ਅਫ਼ਗ਼ਾਨਸਤਾਨ ਦੇ ਕਪਤਾਨ ਹਸ਼ਮਤੁੱਲਾ ਸ਼ਾਹਿਦੀ ਨੇ ਅੱਜ ਆਸਟਰੇਲੀਆ ਖ਼ਿਲਾਫ਼ ਇਕ ਦਿਨਾਂ ਵਿਸ਼ਵ ਕੱਪ ਕ੍ਰਿਕਟ ਮੈਚ ਵਿਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।