ਅੰਤਾਲਿਆ (ਤੁਰਕੀ), 20 ਜੂਨ
ਭਾਰਤੀ ਰਿਕਰਵ ਤੀਰਅੰਦਾਜ਼ੀ ਦੀਆਂ ਦੋਵੇਂ ਟੀਮਾਂ ਅੱਜ ਇੱਥੇ ਵਿਸ਼ਵ ਕੱਪ ਦੇ ਤੀਜੇ ਗੇੜ ਵਿੱਚ ਤਗ਼ਮਾ ਜਿੱਤਣ ਤੋਂ ਖੁੰਝ ਗਈਆਂ ਪਰ ਵਿਸ਼ਵ ਰੈਂਕਿੰਗ ਦੇ ਆਧਾਰ ’ਤੇ ਪੈਰਿਸ ਓਲੰਪਿਕ ਲਈ ਟੀਮ ਕੋਟਾ ਹਾਸਲ ਕਰਨ ਦੇ ਨੇੜੇ ਹਨ। ਤੀਜੇ ਪੜਾਅ ’ਚ ਭਾਰਤੀ ਮਹਿਲਾ ਟੀਮ ਚੌਥੇ ਸਥਾਨ ’ਤੇ ਰਹੀ ਜਦਕਿ ਪੁਰਸ਼ ਟੀਮ ਆਖਰੀ 16 ’ਚ ਹੀ ਪਹੁੰਚ ਸਕੀ। ਹੁਣ ਦੋਵਾਂ ਟੀਮਾਂ ਨੂੰ ਸੋਮਵਾਰ ਤੱਕ ਇੰਤਜ਼ਾਰ ਕਰਨਾ ਪਵੇਗਾ ਜਦੋਂ ਵਿਸ਼ਵ ਤੀਰਅੰਦਾਜ਼ੀ ਵੱਲੋਂ ਦਰਜਾਬੰਦੀ ਦੇ ਆਧਾਰ ’ਤੇ ਅਧਿਕਾਰਤ ਸੂਚੀ ਦਾ ਐਲਾਨ ਕੀਤਾ ਜਾਵੇਗਾ। ਨਵੇਂ ਨਿਯਮਾਂ ਅਨੁਸਾਰ ਰੈਂਕਿੰਗ ਰਾਹੀਂ ਉਨ੍ਹਾਂ ਸਿਖਰਲੇ ਦੋ ਦੇਸ਼ਾਂ ਨੂੰ ਓਲੰਪਿਕ ਕੋਟਾ ਦਿੱਤਾ ਜਾਂਦਾ ਹੈ ਜੋ ਓਲੰਪਿਕ ਕੁਆਲੀਫਾਇਰ ਰਾਹੀਂ ਕੋਟਾ ਹਾਸਲ ਨਹੀਂ ਕਰ ਸਕੀਆਂ। ਅੱਜ ਭਜਨ ਕੌਰ, ਦੀਪਿਕਾ ਕੁਮਾਰੀ ਅਤੇ ਅੰਕਿਤਾ ਦੀ ਮਹਿਲਾ ਤਿਕੜੀ ਨੇ ਯੂਕਰੇਨ ਨੂੰ 5-3 (53-52, 53-54, 57-54, 53-53) ਨਾਲ ਹਰਾਇਆ। ਇਸ ਮਗਰੋਂ ਉਨ੍ਹਾਂ ਨੂੰ ਆਪਣਾ ਸਥਾਨ ਪੱਕਾ ਕਰਨ ਲਈ ਸਿਰਫ ਇੱਕ ਹੋਰ ਜਿੱਤ ਦੀ ਲੋੜ ਸੀ ਪਰ ਸੈਮੀਫਾਈਨਲ ਵਿੱਚ ਉਨ੍ਹਾਂ ਨੂੰ ਓਲੰਪਿਕ ਦੇ ਮੇਜ਼ਬਾਨ ਦੇਸ਼ ਫਰਾਂਸ ਤੋਂ ਸ਼ੂਟਆਫ ਵਿੱਚ 4-5 (52-59, 56-57, 58-55, 57-53) (25-28) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕਾਂਸੇ ਦੇ ਤਗਮੇ ਵਿੱਚ ਭਾਰਤੀ ਤਿਕੜੀ ਜਾਪਾਨ ਤੋਂ 0-6 ਨਾਲ ਹਾਰ ਗਈ। ਦੂਜੇ ਪਾਸੇ ਧੀਰਜ, ਤਰੁਨਦੀਪ ਰਾਏ ਅਤੇ ਪਰਵੀਨ ਜਾਧਵ ਦੀ ਪੁਰਸ਼ ਤਿਕੜੀ ਪ੍ਰੀ-ਕੁਆਰਟਰ ਫਾਈਨਲ ਵਿੱਚ ਨੈਦਰਲੈਂਡਜ਼ ਤੋਂ 1-5 ਨਾਲ ਹਾਰ ਗਈ। -ਪੀਟੀਆਈ