ਬੁਸਾਨ, 20 ਫਰਵਰੀ
ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਨੇ ਅੱਜ ਇੱਥੇ ਵਿਸ਼ਵ ਟੇਬਲ ਟੈਨਿਸ ਟੀਮ ਚੈਂਪੀਅਨਸ਼ਿਪ ਦੇ ਗਰੁੱਪ ਗੇੜ ਵਿੱਚ ਜਿੱਤਾਂ ਹਾਸਲ ਕਰ ਕੇ ਨਾਕਆਊਟ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਭਾਰਤੀ ਮਹਿਲਾ ਟੀਮ ਨੇ ਪਛੜਨ ਮਗਰੋਂ ਵਾਪਸੀ ਕਰਦਿਆਂ ਸਪੇਨ ’ਤੇ 3-2 ਨਾਲ ਰੋਮਾਂਚਕ ਜਿੱਤ ਦਰਜ ਕੀਤੀ ਜਦਕਿ ਪੁਰਸ਼ ਟੀਮ ਨੇ ਨਿਊਜ਼ੀਲੈਂਡ ਨੂੰ 3-0 ਨਾਲ ਹਰਾਇਆ।
ਮਹਿਲਾ ਵਰਗ ਵਿੱਚ ਸ੍ਰੀਜਾ ਅਕੁਲਾ ਨੂੰ ਸ਼ੁਰੂਆਤੀ ਸਿੰਗਲਜ਼ ਮੁਕਾਬਲੇ ਵਿੱਚ ਮਾਰੀਆ ਜ਼ਿਆਓ ਤੋਂ 9-11, 11-9, 11-13, 4-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਸੋਫੀਆ-ਜ਼ੁਆਨ ਜ਼ਾਗ ਨੇ ਭਾਰਤ ਦੀ ਸਿਖਰਲਾ ਦਰਜਾ ਪ੍ਰਾਪਤ ਖਿਡਾਰਨ ਮਨਿਕਾ ਬੱਤਰਾ ਨੂੰ 13-11, 6-11, 8-11, 11-9, 11-7 ਨਾਲ ਹਰਾ ਕੇ ਸਪੇਨ ਦਾ ਸਕੋਰ 2-0 ਕਰ ਦਿੱਤਾ। ਮਗਰੋਂ ਅਯਹਿਕਾ ਮੁਖਰਜੀ ਨੇ ਤੀਜੇ ਮੈਚ ਵਿੱਚ ਐਲਵੀਰਾ ਨੂੰ 11-8, 11-13, 11-8, 9-11, 11-4 ਨਾਲ ਹਰਾ ਕੇ ਭਾਰਤ ਨੂੰ ਮੁਕਾਬਲੇ ਵਿੱਚ ਬਰਕਰਾਰ ਰੱਖਿਆ। ਮਨਿਕਾ ਨੇ ਚੌਥੇ ਸਿੰਗਲਜ਼ ਵਿੱਚ ਮਾਰੀਆ ਨੂੰ 11-9, 11-2, 11-4 ਨਾਲ ਹਰਾ ਕੇ ਸਕੋਰ 2-2 ਕਰ ਦਿੱਤਾ। ਸ੍ਰੀਜਾ ਨੇ ਫੈਸਲਾਕੁਨ ਮੈਚ ’ਚ ਜ਼ਾਂਗ ਨੂੰ 11-6, 11-13, 11-6, 11-3 ਨਾਲ ਹਰਾ ਕੇ ਭਾਰਤ ਨੂੰ ਜਿੱਤ ਦਿਵਾਈ। ਭਾਰਤੀ ਮਹਿਲਾ ਟੀਮ ਗਰੁੱਪ-1 ਵਿੱਚ ਚਾਰ ਮੈਚਾਂ ’ਚ ਤਿੰਨ ਜਿੱਤਾਂ ਨਾਲ ਦੂਜੇ ਸਥਾਨ ’ਤੇ ਰਹੀ। ਚੀਨ ਇਸ ਗਰੁੱਪ ’ਚ ਸਿਖਰ ’ਤੇ ਰਿਹਾ। ਪੁਰਸ਼ ਵਰਗ ਵਿੱਚ ਕੌਮੀ ਚੈਂਪੀਅਨ ਹਰਮੀਤ ਦੇਸਾਈ ਨੇ ਚੋਈ ਤਿਮੋਥੀ ਨੂੰ 11-5, 11-1, 11-6 ਜਦਕਿ ਜੀ ਸਾਥੀਆਨ ਨੇ ਐੇੱਲਫਰੈੱਡ ਪੇਨਾ ਡੇਲਾ ਨੂੰ 11-3, 11-7, 11-6 ਨਾਲ ਹਰਾਇਆ। ਇਸ ਤੋਂ ਬਾਅਦ ਮਾਨੁਸ਼ ਸ਼ਾਹ ਨੇ ਦੋ ਗੇਮਾਂ ਨਾਲ ਪਛੜਨ ਤੋਂ ਬਾਅਦ ਮੈਕਸਵੈੱਲ ਹੈਂਡਰਸਨ ਨੂੰ 10-12, 6-11, 11-4, 11-8, 11-6 ਨਾਲ ਹਰਾ ਕੇ ਭਾਰਤ ਨੂੰ ਜਿੱਤ ਦਿਵਾਈ। ਇਸ ਤਰ੍ਹਾਂ ਭਾਰਤ ਗਰੁੱਪ-3 ਵਿੱਚ ਦੱਖਣੀ ਕੋਰੀਆ ਅਤੇ ਪੋਲੈਂਡ ਤੋਂ ਬਾਅਦ ਤੀਜੇ ਸਥਾਨ ’ਤੇ ਰਿਹਾ। ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਾਲੀਆਂ ਟੀਮਾਂ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨਗੀਆਂ। -ਪੀਟੀਆਈ