ਬੈਂਕਾਕ: ਵਿਸ਼ਵ ਚੈਂਪੀਅਨ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਅੱਜ ਐੱਚਐੱਸਬੀਸੀ ਬੀਡਬਲਿਊਐੱਫ ਵਿਸ਼ਵ ਟੂਰ ਫਾਈਨਲ ਦੇ ਸ਼ੁਰੂਆਤੀ ਗਰੁੱਪ ‘ਬੀ’ ਮਹਿਲਾ ਸਿੰਗਲਜ਼ ਮੈਚ ਵਿੱਚ ਤਾਇਵਾਨ ਦੀ ਦੁਨੀਆਂ ’ਚ ਨੰਬਰ ਇੱਕ ਸ਼ਟਲਰ ਤਈ ਜ਼ੂ ਯਿੰਗ ਤੋਂ ਹਾਰ ਗਈ। ਇਸੇ ਤਰ੍ਹਾਂ ਪੁਰਸ਼ਾਂ ਦੀ ਸ਼੍ਰੇਣੀ ਵਿੱਚ ਭਾਰਤ ਦੇ ਸਾਬਕਾ ਨੰਬਰ ਇੱਕ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੂੰ ਆਪਣੇ ਪਹਿਲੇ ਮੈਚ ’ਚ ਡੈੱਨਮਾਰਕ ਦੇ ਐਂਡਰਜ਼ ਐਂਟੋਨਸੈਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸਿੰਧੂ ਲਗਪਗ ਇੱਕ ਘੰਟਾ ਚੱਲੇ ਮੁਕਾਬਲੇ ਵਿੱਚ ਜ਼ੂ ਯਿੰਗ ਤੋਂ 21-19, 12-21, 17-21 ਨਾਲ ਜਦਕਿ ਸ੍ਰੀਕਾਂਤ 77 ਮਿੰਟ ਚੱਲੇ ਮੁਕਾਬਲੇ ਦੌਰਾਨ 21-15, 15-21, 18-21 ਨਾਲ ਹਾਰਿਆ। ਸਿੰਧੂ ਦਾ ਜ਼ੂ ਯਿੰਗ ਨਾਲ ਇਹ 21ਵਾਂ ਮੁਕਾਬਲਾ ਤੇ 16ਵੀਂ ਹਾਰ ਸੀ। ਓਲੰਪਿਕ ’ਚ ਚਾਂਦੀ ਤਾ ਤਗ਼ਮਾ ਜੇਤੂ ਸਿੰਧੂ ਨੇ ਇਹ ਖ਼ਿਤਾਬ 2018 ਵਿੱਚ ਆਪਣੇ ਨਾਮ ਕੀਤਾ ਸੀ। ਹੁਣ ਉਹ 15 ਲੱਖ ਇਨਾਮੀ ਰਾਸ਼ੀ ਦੇ ਟੂਰਨਾਮੈਂਟ ਵਿੱਚ ਰਤਚਾਨੋਕ ਇੰਤਾਨੋਨ ਨਾਲ ਭਿੜੇਗੀ, ਜਿਸ ਨੇ ਪਿਛਲੇ ਹਫ਼ਤੇ ਉਸ ਨੂੰ ਹਰਾਇਆ ਸੀ। -ਪੀਟੀਆਈ