ਬੈਲਗਰੇਡ, 17 ਸਤੰਬਰ
ਭਾਰਤੀ ਪਹਿਲਵਾਨ ਪ੍ਰਿਥਵੀਰਾਜ ਪਾਟਿਲ (92 ਕਿਲੋ ਭਾਰ ਵਰਗ) ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਅੱਜ ਹਾਰ ਗਏ। ਉਸ ਦਾ ਮੁਕਾਬਲਾ ਜੌਰਜੀਆ ਦੇ ਮਿਰਿਆਨੀ ਐੱਮ. ਨਾਲ ਹੋਇਆ। ਇਸ ਤੋਂ ਇਲਾਵਾ ਅੱਜ ਤਿੰਨ ਪਹਿਲਵਾਨ ਇਸ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਦੌਰ ’ਚੋਂ ਹੀ ਬਾਹਰ ਹੋ ਗਏ। ਭਾਰਤੀ ਕੁਸ਼ਤੀ ਮਹਾਸੰਘ ’ਤੇ ਪਾਬੰਦੀ ਕਾਰਨ ਯੂਨਾਈਟਡ ਵਰਲਡ ਰੈਸਲਿੰਗ ਦੇ ਬੈਨਰ ਹੇਠ ਖੇਡ ਰਹੇ ਭਾਰਤੀ ਪਹਿਲਵਾਨ 70 ਕਿਲੋ ਭਾਰ ਵਰਗ ਵਿੱਚ ਕਾਂਸੇ ਦਾ ਤਗਮਾ ਜਿੱਤ ਸਕਦੇ ਹਨ ਜਿਸ ਵਿੱਚ ਪਹਿਲਵਾਨ ਅਭਿਮੰਨਿਊ ਰੈਪੇਚੇਜ਼ ਰੂਟ ਜ਼ਰੀਏ ਤਗਮਾ ਜਿੱਤਣ ਦੇ ਮੁਕਾਬਲੇ ’ਚ ਪਹੁੰਚ ਗਿਆ ਹੈ। ਅਭਿਮੰਨਿਊ ਕੁਆਰਟਰ ਫਾਈਨਲ ’ਚ ਹਾਰ ਗਿਆ ਸੀ ਪਰ ਉਸ ਨੂੰ ਹਰਾਉਣ ਵਾਲਾ ਅਮਰੀਕੀ ਪਹਿਲਵਾਨ ਜੈੱਨ ਅਲੇਨ ਫਾਈਨਲ ’ਚ ਪਹੁੰਚ ਗਿਆ ਹੈ ਜਿਸ ਨਾਲ ਅਭਿਮੰਨਿਊ ਨੂੰ ਜੀਵਨ ਦਾਨ ਮਿਲਿਆ ਤੇ ਉਸ ਨੂੰ ਰੈਪੇਚੇਜ਼ ਰੂਟ ਰਾਹੀਂ ਖੇਡਣ ਦਾ ਮੌਕਾ ਮਿਲ ਗਿਆ। ਇਸ ਮੁਕਾਬਲੇ ਵਿੱਚ ਉਹ ਤਾਜਿਕਿਸਤਾਨ ਦੇ ਮੁਸਤਫੋ ਅਖਮੇਦੋਵ ਨੂੰ 3-1 ਨਾਲ ਮਾਤ ਦੇ ਕੇ ਕਾਂਸੇ ਦਾ ਤਗਮਾ ਜਿੱਤਣ ਦੀ ਦੌੜ ’ਚ ਸ਼ਾਮਲ ਹੋ ਗਿਆ ਹੈ।
ਇਸੇ ਤਰ੍ਹਾਂ ਪ੍ਰਿਥਵੀਰਾਜ ਨੇ ਮੋਲਦੋਵਾ ਦੇ ਇਓਨ ਡੈਮੀਅਨ ਨੂੰ 6-4 ਨਾਲ ਹਰਾਉਣ ਤੋਂ ਬਾਅਦ ਪ੍ਰੀ-ਕੁਆਰਟਰ ਫਾਈਨਲ ਵਿੱਚ ਸਲੋਵਾਕੀਆ ਦੇ ਇਰਮਕ ਕਾਰਦਾਨੋਵ ਨੂੰ 6-1 ਨਾਲ ਹਰਾਇਆ। -ਪੀਟੀਆਈ