ਚੇੱਨਈ: ਫੀਡੇ ਆਨਲਾਈਨ ਵਿਸ਼ਵ ਕੈਡਟ ਤੇ ਯੁਵਾ ਰੈਪਿਡ ਚੈੱਸ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਤਿੰਨ ਖਿਡਾਰੀਆਂ ਨੇ ਆਪੋ-ਆਪਣੇ ਵਰਗਾਂ ਵਿੱਚ ਸੋਨ ਤਗਮਾ ਅਤੇ ਇੱਕ ਖਿਡਾਰੀ ਨੇ ਤਾਂਬੇ ਦਾ ਤਗਮਾ ਹਾਸਲ ਕੀਤਾ ਹੈ। ਇਸ ਦੌਰਾਨ ਗਰਾਂਡ ਮਾਸਟਰ ਗੁਕੇਸ਼ ਨੇ ਅੰਡਰ-14 ਵਰਗ, ਰਕਸ਼ਿਤਾ ਰਵੀ ਨੇ ਅੰਡਰ-16 ਅਤੇ ਨਿਹਾਲ ਸਰੀਨ ਨੇ ਓਪਨ ਕੈਟਾਗਰੀ ਵਿੱਚ ਜਿੱਤਾਂ ਹਾਸਲ ਕੀਤੀਆਂ। ਇਸੇ ਤਰ੍ਹਾਂ ਮਰਿਨਮੋਏ ਰਾਜਖੋਵਾ ਅੰਡਰ-10 ਵਰਗ ਵਿੱਚ ਤੀਜੇ ਨੰਬਰ ’ਤੇ ਰਿਹਾ। ਫੀਡੇ ਅਨੁਸਾਰ ਇਸ ਟੂਰਨਾਮੈਂਟ ਵਿੱਚ 114 ਦੇਸ਼ਾਂ ਦੇ 1380 ਯੁਵਾ ਖਿਡਾਰੀਆਂ ਨੇ ਹਿੱਸਾ ਲਿਆ ਸੀ।
-ਆਈਏਐੱਨਐੱਸ