ਨਵੀਂ ਦਿੱਲੀ: ਹਾਲ ਹੀ ਵਿੱਚ ਏਸ਼ਿਆਈ ਚੈਂਪੀਅਨਸ਼ਿਪ ਲਈ ਹੋਏ ਟਰਾਇਲਾਂ ਦੌਰਾਨ ਨਵੇਂ ਪਹਿਲਵਾਨਾਂ ਦੀ ਬੇਚੈਨੀ ਨੂੰ ਦੇਖਦੇ ਹੋਏ ਬਜਰੰਗ ਪੂਨੀਆ ਤੇ ਰਵੀ ਦਹੀਆ ਵਰਗੇ ਸਟਾਰ ਪਹਿਲਵਾਨਾਂ ਨੂੰ ਵੀ ਰਾਸ਼ਟਰਮੰਡਲ ਖੇਡਾਂ ਅਤੇ ਏਸ਼ਿਆਈ ਖੇਡਾਂ ਦੇ ਚੋਣ ਟਰਾਇਲਾਂ ਦੇ ਫਾਈਨਲ ’ਚ ਸਿੱਧਾ ਪ੍ਰਵੇਸ਼ ਨਹੀਂ ਮਿਲੇਗਾ। ਮੰਗੋਲੀਆ ਵਿੱਚ ਹੋਏ ਟੂਰਨਾਮੈਂਟ ਲਈ ਟਰਾਇਲ ਦੌਰਾਨ ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਬਜਰੰਗ ਤੇ ਦਹੀਆ ਨੂੰ ਉਨ੍ਹਾਂ ਦੇ ਵਰਗ ਵਿੱਚ ਸਿੱਧੇ ਫਾਈਨਲ ’ਚ ਪ੍ਰਵੇਸ਼ ਦਿੱਤਾ ਸੀ ਜਦਕਿ ਬਾਕੀ ਡਰਾਅ ਰਾਹੀਂ ਫਾਈਨਲ ਵਿੱਚ ਪਹੁੰਚੇ ਸਨ। ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਲਈ ਪੁਰਸ਼ ਵਰਗ ਦਾ ਚੋਣ ਟਰਾਇਲ 17 ਮਈ ਨੂੰ ਦਿੱਲੀ ’ਚ ਅਤੇ ਮਹਿਲਾ ਵਰਗ ਦਾ 16 ਮਈ ਨੂੰ ਲਖਨਊ ਵਿੱਚ ਹੋਵੇਗਾ। ਫੈਡਰੇਸ਼ਨ ਦੇ ਇਕ ਸੂਤਰ ਨੇ ਕਿਹਾ, ‘‘ਇਸ ਵਾਰ ਕਿਸੇ ਨੂੰ ਫਾਈਨਲ ’ਚ ਸਿੱਧੇ ਪ੍ਰਵੇਸ਼ ਨਹੀਂ ਮਿਲੇਗਾ। ਸਾਰਿਆਂ ਨੂੰ ਡਰਾਅ ਰਾਹੀਂ ਆਉਣਾ ਹੋਵੇਗਾ।’’ -ਪੀਟੀਆਈ