ਨਵੀਂ ਦਿੱਲੀ: ਏਸ਼ਿਆਈ ਖੇਡਾਂ ਲਈ ਨਿਰਪੱਖ ਚੋਣ ਟਰਾਇਲ ਕਰਵਾਉਣ ਸਬੰਧੀ ਆਈਓਏ ਦੀ ਐਡਹਾਕ ਕਮੇਟੀ ’ਤੇ ਦਬਾਅ ਵਧਦਾ ਜਾ ਰਿਹਾ ਹੈ ਅਤੇ ਪੰਜਾਬ ਰੈਸਲਿੰਗ ਐਸੋਸੀਏਸ਼ਨ (ਪੀਡਬਲਿਊਏ) ਨੇ ਅੱਜ ਕਮੇਟੀ ਨੂੰ ਸਪਸ਼ਟ ਕਰ ਦਿੱਤਾ ਕਿ 65 ਕਿਲੋ ਭਾਰ ਵਰਗ ਵਿੱਚ ਜਸਕਰਨ ਸਿੰਘ ਉਤਰੇਗਾ ਅਤੇ ਕਿਸੇ ਵੀ ਪਹਿਲਵਾਨ ਨੂੰ ਬਿਨਾਂ ਟਰਾਇਲ ਦੇ ਨਾ ਉਤਾਰਿਆ ਜਾਵੇ। ਪੀਡਬਲਿਊਏ ਜਨਰਲ ਸਕੱਤਰ ਆਰ. ਐੱਸ. ਕੁੰਦੂ ਨੇ ਕਮੇਟੀ ਦੇ ਮੁਖੀ ਭੁਪਿੰਦਰ ਸਿੰਘ ਬਾਜਵਾ ਨੂੰ ਪੱਤਰ ਲਿਖ ਕੇ ਕਿਹਾ ਕਿ ਕਮੇਟੀ ਕਿਸੇ ਵੀ ਪਹਿਲਵਾਨ (ਬਜਰੰਗ ਪੂਨੀਆ) ਨੂੰ ਟਰਾਇਲ ਵਿੱਚ ਛੋਟ ਨਾ ਦੇਵੇ। ਪੱਤਰ ਵਿੱਚ ਲਿਖਿਆ ਗਿਆ, ‘‘ਜੇਕਰ ਚੋਣ ਟਰਾਇਲ ਨਹੀਂ ਹੋਏ ਤਾਂ ਇਹ ਜਸਕਰਨ ਸਿੰਘ ਨਾਲ ਬੇਇਨਸਾਫ਼ ਹੋਵੇਗੀ। ਹਰ ਭਾਰ ਵਰਗ ਵਿੱਚ ਹਰੇਕ ਖਿਡਾਰੀ ਨੂੰ ਏਸ਼ਿਆਈ ਖੇਡਾਂ-2023 ਦੇ ਚੋਣ ਟਰਾਇਲ ਵਿੱਚ ਹਿੱਸਾ ਲੈਣ ਦਾ ਅਧਿਕਾਰ ਹੈ।’’ ਬਜਰੰਗ ਨੇ ਟੋਕੀਓ ਓਲੰਪਿਕ ਵਿੱਚ ਇਸੇ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਜਸਕਰਨ ਸਿੰਘ ਪਿਛਲੇ ਮਹੀਨੇ ਅੰਡਰ-23 ਏਸ਼ਿਆਈ ਚੈਂਪੀਅਨਸ਼ਿਪ ਵਿੱਚ ਚੌਥੇ ਸਥਾਨ ’ਤੇ ਰਿਹਾ ਸੀ। ਇਸ ਤੋਂ ਪਹਿਲਾਂ ਛੋਟੂ ਰਾਮ ਅਖਾੜਾ ਦੀਆਂ 24 ਮਹਿਲਾ ਪਹਿਲਵਾਨਾਂ ਨੇ ਕਮੇਟੀ ਤੋਂ ਨਿਰਪੱਖ ਟਰਾਇਲ ਕਰਵਾ ਕੇ ਹਰ ਪਹਿਲਵਾਨ ਨੂੰ ਮੌਕਾ ਦੇਣ ਦੀ ਅਪੀਲ ਕੀਤੀ ਹੈ। -ਪੀਟੀਆਈ