ਗਸਟਾਡ, 21 ਜੁਲਾਈ
ਭਾਰਤ ਦੇ ਯੂਕੀ ਭਾਂਬਰੀ ਅਤੇ ਫਰਾਂਸ ਦੇ ਉਸ ਦੇ ਜੋੜੀਦਾਰ ਅਲਬਾਨੋ ਓਲੀਵੇਟ ਨੇ ਅੱਜ ਇੱਥੇ ਤਿੰਨ ਸੈੱਟ ਤੱਕ ਚੱਲੇ ਫਾਈਨਲ ਵਿੱਚ ਓਗੋ ਹਮਬਰਟ ਅਤੇ ਫੈਬਰਿਸ ਮਾਰਟਿਨ ਨੂੰ ਹਰਾ ਕੇ ਸਵਿੱਸ ਓਪਨ ਏਟੀਪੀ ਟੂਰ ਟੈਨਿਸ ਟੂਰਨਾਮੈਂਟ ਵਿੱਚ ਪੁਰਸ਼ ਡਬਲਜ਼ ਦਾ ਖਿਤਾਬ ਆਪਣੇ ਨਾਮ ਕੀਤਾ। ਭਾਂਬਰੀ ਅਤੇ ਓਲੀਵੇਟ ਦੀ ਤੀਜਾ ਦਰਜਾ ਪ੍ਰਾਪਤ ਜੋੜੀ ਨੇ ਇਸ ਏਟੀਪੀ 250 ਕਲੇਅ ਕੋਰਟ ਟੂਰਨਾਮੈਂਟ ਵਿੱਚ ਆਪਣੇ ਫਰਾਂਸਿਸੀ ਵਿਰੋਧੀਆਂ ਨੂੰ 3-6, 6-3, 10-6 ਨਾਲ ਹਰਾ ਦਿੱਤਾ। ਫਾਈਨਲ ਮੈਚ ਇੱਕ ਘੰਟਾ ਛੇ ਮਿੰਟ ਤੱਕ ਚੱਲਿਆ, ਜਿਸ ਵਿੱਚ ਦੋਵੇਂ ਜੋੜੀਆਂ ਨੇ ਇੱਕ-ਦੂਜੇ ਨੂੰ ਸਖ਼ਤ ਟੱਕਰ ਦਿੱਤੀ ਪਰ ਅਖ਼ੀਰ ਵਿੱਚ ਭਾਂਬਰੀ ਅਤੇ ਓਲੀਵੇਟ ਦੀ ਜੋੜੀ ਜੇਤੂ ਰਹੀ। ਬੱਤੀ ਸਾਲਾ ਭਾਂਬਰੀ ਦਾ ਇਹ ਤੀਜਾ ਏਟੀਪੀ ਡਬਲਜ਼ ਖਿਤਾਬ ਹੈ। ਇਸ ਭਾਰਤੀ ਖਿਡਾਰੀ ਨੇ ਓਲੀਵੇਟ ਨਾਲ ਮਿਲ ਕੇ ਦੂਜਾ ਖਿਤਾਬ ਜਿੱਤਿਆ। ਉਸ ਨੇ ਲੌਇਡ ਹੈਰਿਸ ਨਾਲ 2023 ਮੈਲੋਰਕਾ ਚੈਂਪੀਅਨਸ਼ਿਪ ਵਿੱਚ ਆਪਣਾ ਪਹਿਲਾਂ ਏਟੀਪੀ ਖਿਤਾਬ ਜਿੱਤਿਆ ਸੀ। ਭਾਂਬਰੀ ਨੇ ਓਲੀਵੇਟ ਨਾਲ ਮਿਲ ਕੇ ਇਸ ਸਾਲ ਅਪਰੈਲ ਵਿੱਚ ਬੀਐੱਮਡਬਲਿਊ ਓਪਨ ਦਾ ਖਿਤਾਬ ਜਿੱਤਿਆ ਸੀ। ਭਾਂਬਰੀ 24 ਜੂਨ ਨੂੰ ਡਬਲਜ਼ ਰੈਂਕਿੰਗ ਵਿੱਚ ਸਿਖਰਲੇ 50 ’ਚ ਪਹੁੰਚ ਗਿਆ ਸੀ ਅਤੇ ਇਸ ਜਿੱਤ ਨਾਲ ਵਿਸ਼ਵ ਰੈਂਕਿੰਗ ਵਿੱਚ ਉਸ ਦੀ ਸਥਿਤੀ ਹੋਰ ਬਿਹਤਰ ਹੋਵੇਗੀ। -ਪੀਟੀਆਈ