ਕੋਲੰਬੋ, 20 ਨਵੰਬਰ
ਸ੍ਰੀਲੰਕਾ ਦੇ ਸਾਬਕਾ ਕ੍ਰਿਕਟਰ ਨੁਵਾਨ ਜ਼ੋਇਸਾ ਨੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਖ਼ੁਦਮੁਖਤਿਆਰ ਟ੍ਰਿਬਿਊਨਲ ਵੱਲੋਂ ਤਿੰਨ ਮਾਮਲਿਆਂ ਵਿੱਚ ਭ੍ਰਿਸ਼ਟਾਚਾਰ ਦਾ ਦੋਸ਼ੀ ਠਹਿਰਾਉਣ ਮਗਰੋਂ ਅੱਜ ਕਿਸੇ ਵੀ ਤਰ੍ਹਾਂ ਦੇ ਗ਼ਲਤ ਕੰਮ ਵਿੱਚ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਮੈਚ ਫਿਕਸਿੰਗ ਦੇ ਦੋਸ਼ਾਂ ਵਿੱਚ ਪਹਿਲਾਂ ਹੀ ਮੁਅੱਤਲੀ ਦਾ ਸਾਹਮਣਾ ਕਰ ਰਹੇ ਜ਼ੋਇਸਾ ’ਤੇ ਨਵੰਬਰ 2018 ਵਿੱਚ ਆਈਸੀਸੀ ਦੀ ਭ੍ਰਿਸ਼ਟਾਚਾਰ ਰੋਕੂ ਜ਼ਾਬਤੇ ਤਹਿਤ ਦੋਸ਼ ਲਾਏ ਗਏ ਸਨ ਅਤੇ ਵੀਰਵਾਰ ਨੂੰ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਸ੍ਰੀਲੰਕਾ ਦੇ ਸਾਬਕਾ ਕੌਮਾਂਤਰੀ ਤੇਜ਼ ਗੇਂਦਬਾਜ਼ ਨੇ ਭ੍ਰਿਸ਼ਟਾਚਾਰ ਰੋਕੂ ਟ੍ਰਿਬਿਊਨਲ ਸਾਹਮਣੇ ਸੁਣਵਾਈ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਸੀ। ਆਈਸੀਸੀ ਨੇ ਕਿਹਾ ਕਿ ਜ਼ੋਇਸਾ ਮੁਅੱਤਲ ਰਹੇਗਾ ਅਤੇ ਉਸ ਦੀ ਸਜ਼ਾ ਬਾਰੇ ਐਲਾਨ ਮਗਰੋਂ ਕੀਤਾ ਜਾਵੇਗਾ। -ਪੀਟੀਆਈ