ਪਟਨਾ, 23 ਜੂਨ
ਮੁੱਖ ਅੰਸ਼
- ਵੱਖਰੇਵੇਂ ਲਾਂਭੇ ਰੱਖ ਕੇ ਲਚਕੀਲੀ ਪਹੁੰਚ ਨਾਲ ਕੰਮ ਕਰਨ ਦਾ ਦਾਅਵਾ
- ਸਾਂਝੀ ਰਣਨੀਤੀ ਘੜਨ ਲਈ ਅਗਲੇ ਮਹੀਨੇ ਸ਼ਿਮਲਾ ‘ਚ ਹੋਵੇਗੀ ਮੀਟਿੰਗ
ਕਾਂਗਰਸ ਸਣੇ 17 ਵਿਰੋਧੀ ਪਾਰਟੀਆਂ ਦੀ ਅੱਜ ਇੱਥੇ ਹੋਈ ਮੀਟਿੰਗ ਵਿੱਚ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ 2024 ਦੀਆਂ ਲੋਕ ਸਭਾ ਚੋਣਾਂ ਮਿਲ ਕੇ ਲੜਨ ਦਾ ਅਹਿਦ ਲਿਆ ਗਿਆ ਹੈ। ਵਿਰੋਧੀ ਧਿਰਾਂ ਨੇ ਕਿਹਾ ਕਿ ਉਹ ਆਪਣੇ ਵੱਖਰੇਵਿਆਂ ਨੂੰ ਲਾਂਭੇ ਰੱਖ ਕੇ ਲਚਕੀਲੀ ਪਹੁੰਚ ਤੇ ਆਪਸੀ ਸਹਿਯੋਗ ਨਾਲ ਇਕ ਦੂਜੇ ਨਾਲ ਕੰਮ ਕਰਨਗੀਆਂ। ਪਾਰਟੀਆਂ ਨੇ ਕਿਹਾ ਕਿ ਉਹ ਸਾਂਝੀ ਰਣਨੀਤੀ ਘੜਨ ਲਈ 10 ਜਾਂ 12 ਜੁਲਾਈ ਨੂੰ ਸ਼ਿਮਲਾ ਵਿੱਚ ਮੀਟਿੰਗ ਕਰਨਗੀਆਂ। ਲਗਪਗ ਚਾਰ ਘੰਟੇ ਤੱਕ ਚੱਲੀ ਮੀਟਿੰਗ, ਜਿਸ ਵਿੱਚ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਆਪੋ ਆਪਣੇ ਵਿਚਾਰ ਰੱਖੇ, ਮਗਰੋਂ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਭਾਜਪਾ ਦੇ ਟਾਕਰੇ ਲਈ ਇਕਜੁੱਟ ਹੋ ਕੇ ਲੜਨ ਦੀ ਯੋਜਨਾ ਨੂੰ ਅੰਤਿਮ ਰੂਪ ਦੇਣ ਲਈ ਵਿਰੋਧੀ ਧਿਰਾਂ ਅਗਲੇ ਦਿਨਾਂ ਵਿੱਚ ਮੀਟਿੰਗ ਕਰਨਗੀਆਂ। ਮੀਟਿੰਗ ਦੀ ਮੇਜ਼ਬਾਨੀ ਕਰਨ ਵਾਲੇ ਨਿਤੀਸ਼ ਕੁਮਾਰ ਨੇ ਕਿਹਾ, ”ਮੀਟਿੰਗ ਸਾਜ਼ਗਾਰ ਰਹੀ ਤੇ ਇਸ ਦੌਰਾਨ ਕਈ ਆਗੂਆਂ ਨੇ ਆਪਣੇ ਵਿਚਾਰ ਰੱਖੇ। 17 ਪਾਰਟੀਆਂ ਨੇ ਮਿਲ ਕੇ ਕੰਮ ਕਰਨ ਤੇ ਇਕਜੁੱਟ ਹੋ ਕੇ ਲੋਕ ਸਭਾ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ।” ਕੁਮਾਰ ਨੇ ਕਿਹਾ ਕਿ ਉਹ ਦੇਸ਼ ਹਿੱਤ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਭਾਰਤ ਦੇ ਇਤਿਹਾਸ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕਰ ਕੇ ਦੇਸ਼ ਹਿੱਤ ਖਿਲਾਫ਼ ਕੰਮ ਕਰ ਰਹੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਲਾਨ ਕੀਤਾ ਕਿ ਵਿਰੋਧੀ ਧਿਰਾਂ ਦੀ ਅਗਲੀ ਮੀਟਿੰਗ ਸ਼ਿਮਲਾ ਵਿਚ ਹੋਵੇਗੀ। ਉਨ੍ਹਾਂ ਕਿਹਾ, ”ਅਸੀਂ ਇਕ ਸਾਂਝਾ ਏਜੰਡਾ ਤਿਆਰ ਕਰਨ ਦਾ ਫੈਸਲਾ ਕੀਤਾ ਹੈ ਤੇ ਅਸੀਂ ਅਗਲੀ ਮੀਟਿੰਗ ਵਿੱਚ ਅੱਗੋਂ ਦੀ ਰਣਨੀਤੀ ਘੜਾਂਗੇ।”
ਕਾਂਗਰਸ ਪ੍ਰਧਾਨ ਨੇ ਕਿਹਾ, ”ਸਾਨੂੰ ਹਰ ਰਾਜ ਲਈ ਵੱਖਰੀਆਂ ਵਿਉਂਤਾਂ ਘੜਨੀਆਂ ਹੋਣਗੀਆਂ ਤੇ ਅਸੀਂ ਕੇਂਦਰ ਦੀ ਸੱਤਾ ਤੋਂ ਭਾਜਪਾ ਨੂੰ ਲਾਂਭੇ ਕਰਨ ਲਈ ਮਿਲ ਕੇ ਕੰਮ ਕਰਾਂਗੇ।” ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ, ”ਸਾਡੇ ਆਪਸ ਵਿੱਚ ਕੁਝ ਵੱਖਰੇਵੇਂ ਹੋ ਸਕਦੇ ਹਨ, ਪਰ ਅਸੀਂ ਲਚਕੀਲੀ ਪਹੁੰਚ ਨਾਲ ਮਿਲ ਕੇ ਕੰਮ ਕਰਨ ਦਾ ਫੈਸਲਾ ਕੀਤਾ ਹੈ। ਅਸੀਂ ਆਪਣੀ ਵਿਚਾਰਧਾਰਾ ਨੂੰ ਬਚਾਉਣ ਲਈ ਕੰਮ ਕਰਾਂਗੇ।” ਇਥੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸਰਕਾਰੀ ਰਿਹਾਇਸ਼ ‘ਤੇ ਹੋਈ ਮੀਟਿੰਗ ਵਿੱਚ 32 ਪਾਰਟੀਆਂ ਦੇ ਆਗੂ ਸ਼ਾਮਲ ਹੋਏ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਆਗੂ ਮਮਤਾ ਬੈਨਰਜੀ ਨੇ ਕਿਹਾ ਕਿ ਵਿਰੋਧੀ ਧਿਰਾਂ ਦੀ ਪਹਿਲੀ ਮੀਟਿੰਗ ਪਟਨਾ ਵਿੱਚ ਰੱਖੀ ਗਈ ਕਿਉਂਕਿ ‘ਜਿਹੜੀ ਵੀ ਚੀਜ਼ ਪਟਨਾ ਤੋਂ ਸ਼ੁਰੂ ਹੋਈ, ਉਸ ਨੇ ਜਨ ਅੰਦੋਲਨ ਦਾ ਆਕਾਰ ਲਿਆ।” ਉਨ੍ਹਾਂ ਕਿਹਾ, ”ਜੇਕਰ ਇਸ ਤਾਨਾਸ਼ਾਹ ਸਰਕਾਰ (ਐੱਨਡੀਏ) ਦੀ ਐਤਕੀਂ ਵਾਪਸੀ ਹੋਈ, ਤਾਂ ਭਵਿੱਖ ਵਿੱਚ ਕੋਈ ਚੋਣਾਂ ਨਹੀਂ ਹੋਣਗੀਆਂ।” ਬੈਨਰਜੀ ਨੇ ਕਿਹਾ, ”ਅਸੀਂ ਸਾਰੇ ਇਕਜੁੱਟ ਹਾਂ ਤੇ ਭਾਜਪਾ ਖਿਲਾਫ਼ ਮਿਲ ਕੇ ਲੜਾਂਗੇ।” ਟੀਐੱਮਸੀ ਸੁਪਰੀਮੋ ਨੇ ਕਿਹਾ, ”ਭਾਜਪਾ ਇਤਿਹਾਸ ਬਦਲਣਾ ਚਾਹੁੰਦੀ ਹੈ, ਪਰ ਅਸੀਂ ਯਕੀਨੀ ਬਣਾਵਾਂਗੇ ਕਿ ਇਤਿਹਾਸ ਬਚਿਆ ਰਹੇ।” ਬੈਨਰਜੀ ਨੇ ਜ਼ੋਰ ਕੇ ਆਖਿਆ ਕਿ ਉਹ ਵਿਰੋਧੀ ਪਾਰਟੀਆਂ ਨਹੀਂ ਬਲਕਿ ਦੇਸ਼ ਦੇ ਨਾਗਰਿਕ ਹਨ, ਜੋ ਦੇਸ਼ ਭਗਤ ਤੇ ‘ਭਾਰਤ ਮਾਤਾ’ ਨੂੰ ਪਿਆਰ ਕਰਦੇ ਹਨ। ਐੱਨਸੀਪੀ ਸੁਪਰੀਮੋ ਸ਼ਰਦ ਪਵਾਰ ਨੇ ਕਿਹਾ ਕਿ ਜੈਪ੍ਰਕਾਸ਼ ਦੇ ਅੰਦੋਲਨ ਵਾਂਗ ‘ਸਾਡੇ ਸਾਂਝੇ ਫਰੰਟ ਨੂੰ ਵੀ ਲੋਕਾਂ ਦਾ ਆਸ਼ੀਰਵਾਦ ਮਿਲੇਗਾ।” ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਮੀਟਿੰਗ ਵਿੱਚ ਪੁੱਜੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ, ”ਪਟਨਾ ਮੀਟਿੰਗ ਤੋਂ ਜਾਣ ਵਾਲਾ ਸੁਨੇਹਾ ਸਾਡੇ ਸਾਰਿਆਂ ਲਈ ਸਪੱਸ਼ਟ ਹੈ ਕਿ ਇਸ ਦੇਸ਼ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ।” ਝਾਰਖੰਡ ਦੇ ਮੁੱਖ ਮੰਤਰੀ ਤੇ ਜੇਐੱਮਐੱਮ ਮੁਖੀ ਹੇਮੰਤ ਸੋਰੇਨ ਨੇ ਕਿਹਾ ਕਿ ਅੱਜ ਦੀ ਸ਼ੁਰੂਆਤ ਦੇਸ਼ ਲਈ ਮੀਲਪੱਥਰ ਸਾਬਤ ਹੋਵੇਗੀ ਤੇ ਸਾਰੇ ਆਗੂ ਸਕਾਰਾਤਮਕ ਸੋਚ ਨਾਲ ਅੱਗੇ ਵਧਣਗੇ।
ਆਰਜੇਡੀ ਆਗੂ ਤੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ‘ਦੇਸ਼ ਦੇ ਲੋਕ ਚਾਹੁੰਦੇ ਹਨ ਕਿ ਅਸੀਂ ਭਾਜਪਾ ਤੇ ਆਰਐੱਸਐੱਸ ਖਿਲਾਫ਼ ਮਿਲ ਕੇ ਲੜੀਏ।’ ਯਾਦਵ ਨੇ ਕਿਹਾ, ”ਪ੍ਰਧਾਨ ਮੰਤਰੀ ਅਮਰੀਕਾ ਵਿੱਚ ਚੰਦਨ ਵੰਡਦੇ ਫਿਰ ਰਹੇ ਹਨ, ਜਦੋਂ ਕਿ ਦੇਸ਼ ਕਈ ਮੁਸ਼ਕਲਾਂ ‘ਚ ਘਿਰਿਆ ਹੈ। ਯਾਦਵ ਨੇ ਜ਼ੋਰ ਦੇ ਆਖਿਆ ਕਿ ‘ਮੈਂ ਹੁਣ ਫਿਟ ਹਾਂ ਤੇ ਉਸ (ਮੋਦੀ) ਨਾਲ ਮੱਥਾ ਲਾ ਸਕਦਾ ਹਾਂ। ਸਾਨੂੰ ਮਿਲ ਕੇ ਲੜਨਾ ਹੋਵੇਗਾ।” ਸੀਪੀਐੱਮ ਆਗੂ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਇਥੇ ਮੁੱਖ ਮਸਲਾ ਦੇਸ਼ ਦੇ ਧਰਮਨਿਰਪੱਖ ਜਮਹੂਰੀ ਕਿਰਦਾਰ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ, ਜਿਸ ਨੂੰ ‘ਭਾਜਪਾ ਬਦਲਣਾ ਚਾਹੁੰਦੀ’ ਹੈ। ਸੀਪੀਆਈ ਆਗੂ ਡੀ.ਰਾਜਾ ਨੇ ਕਿਹਾ ਕਿ ਭਾਜਪਾ ਦਾ ਨੌਂ ਸਾਲ ਦਾ ਸ਼ਾਸਨ ਸਾਡੇ ਦੇਸ਼ ਦੇ ਸੰਵਿਧਾਨ ਲਈ ‘ਤਬਾਹਕੁਨ ਤੇ ਹਾਨੀਕਾਰਕ’ ਬਣ ਗਿਆ ਹੈ। ਪੀਡੀਪੀ ਆਗੂ ਮਹਿਬੂਬਾ ਮੁਫ਼ਤੀ ਨੇ ਕਿਹਾ, ”ਅਸੀਂ ਗਾਂਧੀ ਦੇ ਭਾਰਤ ਨੂੰ ਗੋਡਸੇ ਦਾ ਦੇਸ਼ ਨਹੀਂ ਬਣਨ ਦੇ ਸਕਦੇ।” ਪ੍ਰੈੱਸ ਕਾਨਫਰੰਸ ਦੌਰਾਨ ਕੇਜਰੀਵਾਲ, ਭਗਵੰਤ ਮਾਨ ਅਤੇ ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਹਾਜ਼ਰ ਨਹੀਂ ਸਨ। -ਪੀਟੀਆਈ
ਲਾਲੂ ਵੱਲੋਂ ਰਾਹੁਲ ਨੂੰ ਵਿਆਹ ਕਰਵਾਉਣ ਦੀ ਸਲਾਹ
ਪਟਨਾ: ਵਿਰੋਧੀ ਧਿਰਾਂ ਦੀ ਮੀਟਿੰਗ ਦੌਰਾਨ ਆਰਜੇਡੀ ਆਗੂ ਲਾਲੂ ਪ੍ਰਸਾਦ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਕਿਹਾ ਕਿ ਉਹ ਹੁਣ ਵਿਆਹ ਕਰ ਲੈਣ। ਲਾਲੂ ਨੇ ਗਾਂਧੀ ਨੂੰ ਆਪਣੇ ਮਜ਼ਾਹੀਆ ਅੰਦਾਜ਼ ਵਿੱਚ ਕਿਹਾ, ”ਤੁਸੀਂ ਵਿਆਹ ਕਰੋ, ਅਸੀਂ ਲੋਕ ਬਾਰਾਤ ਚੱਲੀਏ।’ ਇਸ ਦੇ ਜਵਾਬ ਵਿੱਚ ਕਾਂਗਰਸੀ ਆਗੂ ਨੇ ਕਿਹਾ ਕਿ ‘ਤੁਸੀਂ ਕਹਿ ਦਿੱਤਾ, ਤਾਂ (ਵਿਆਹ) ਹੋ ਜਾਵੇਗਾ।” ਲਾਲੂ ਨੇ ਰਾਹੁਲ ਗਾਂਧੀ ਦੀ ਦਾੜ੍ਹੀ ਵੱਲ ਇਸ਼ਾਰਾ ਕਰਦਿਆਂ ਕਿਹਾ, ”ਤੁਸੀਂ ਘੁੰਮਣ ਲੱਗੇ ਤਾਂ ਦਾੜ੍ਹੀ ਵਧਾ ਲਈ, ਇਸ ਤੋਂ ਹੇਠਾਂ ਨਾ ਲੈ ਕੇ ਜਾਣਾ।’ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ, ”ਤੁਸੀਂ ਸਾਡੀ ਸਲਾਹ ਨਹੀਂ ਮੰਨੀ, ਵਿਆਹ ਨਹੀਂ ਕਰਵਾਇਆ। ਅਜੇ ਸਮਾਂ ਨਹੀਂ ਲੰਘਿਆ। ਤੁਸੀਂ ਵਿਆਹ ਕਰੋ, ਅਸੀਂ ਲੋਕ ਬਾਰਾਤ ਚੱਲੀਏ।” ਉਨ੍ਹਾਂ ਕਿਹਾ, ”ਤੁਹਾਡੀ ਮੰਮੀ (ਸੋਨੀਆ ਗਾਂਧੀ) ਕਹਿੰਦੀ ਹੁੰਦੀ ਸੀ ਕਿ ਸਾਡੀ ਗੱਲ ਨਹੀਂ ਮੰਨਦਾ, ਇਸ ਦਾ ਵਿਆਹ ਕਰਵਾਓ। ਤੁਸੀਂ ਹੁਣ ਵਿਆਹ ਕਰ ਲਵੋ।” -ਪੀਟੀਆਈ
ਬਸਪਾ, ਬੀਆਰਐੱਸ, ਬੀਜੇਡੀ ਤੇ ਵਾਈਐੱਸਆਰ ਰਹੇ ਗੈਰਹਾਜ਼ਰ
ਪਟਨਾ ਵਿੱਚ ਹੋਈ ਵਿਰੋਧੀ ਧਿਰਾਂ ਦੀ ਮੀਟਿੰਗ ‘ਚ ਤਿਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਅਗਵਾਈ ਵਾਲੀ ਭਾਰਤੀ ਰਾਸ਼ਟਰ ਸਮਿਤੀ (ਬੀਆਰਐੱਸ), ਉੜੀਸਾ ਦੇ ਮੁੱਖ ਮੰਤਰੀ ਬੀਜੂ ਪਟਨਾਇਕ ਦੀ ਬੀਜੂ ਜਨਤਾ ਦਲ (ਬੀਜੇਡੀ) ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐੱਸ ਜਗਨਮੋਹਨ ਰੈੱਡੀ ਦੀ ਵਾਈਐੱਸਆਰ ਕਾਂਗਰਸ ਗੈਰਹਾਜ਼ਰ ਰਹੇ ਜਦੋਂਕਿ ਸਾਬਕਾ ਮੁੱਖ ਮੰਤਰੀ ਮਾਇਆਵਤੀ ਦੀ ਅਗਵਾਈ ਵਾਲੀ ਬਹੁਜਨ ਸਮਾਜ ਪਾਰਟੀ ਨੂੰ ਮੀਟਿੰਗ ਲਈ ਸੱਦਾ ਹੀ ਨਹੀਂ ਭੇਜਿਆ ਗਿਆ। ਰਾਸ਼ਟਰੀ ਲੋਕ ਦਲ ਦੇ ਮੁਖੀ ਜੈਯੰਤ ਚੌਧਰੀ ‘ਪਰਿਵਾਰਕ ਰੁਝੇਵੇਂ’ ਕਰਕੇ ਮੀਟਿੰਗ ਵਿਚ ਨਹੀਂ ਗਏ।
‘ਆਪ’ ਨੇ ਆਰਡੀਨੈਂਸ ਬਾਰੇ ਕਾਂਗਰਸ ਨੂੰ ਸਟੈਂਡ ਸਪੱਸ਼ਟ ਕਰਨ ਲਈ ਕਿਹਾ
ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਤੇ ਕਾਂਗਰਸ ਦਰਮਿਆਨ ਵੱਖਰੇਵੇਂ ਨਜ਼ਰ ਆਏ ਜਦੋਂ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਗੱਲ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਕਾਂਗਰਸ ਪਾਰਟੀ ਦਿੱਲੀ ਆਰਡੀਨੈਂਸ ਨੂੰ ਲੈ ਕੇ ਜਨਤਕ ਤੌਰ ‘ਤੇ ਆਪਣਾ ਸਟੈਂਡ ਸਪਸ਼ਟ ਕਰੇ। ਕੇਜਰੀਵਾਲ ਨੇ ਸਾਫ਼ ਕਰ ਦਿੱਤਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਨ੍ਹਾਂ ਦੀ ਪਾਰਟੀ ਲਈ ਵਿਰੋਧੀ ਧਿਰਾਂ ਦੀਆਂ ਭਵਿੱਖੀ ਬੈਠਕਾਂ ਵਿੱਚ ਸ਼ਾਮਲ ਹੋਣਾ ਸੰਭਵ ਨਹੀਂ ਹੋਵੇਗਾ। ‘ਆਪ’ ਨੇ ਇਕ ਬਿਆਨ ਵਿੱਚ ਕਿਹਾ, ”ਕੇਂਦਰ ਸਰਕਾਰ ਵੱਲੋਂ ਲਿਆਂਦਾ ‘ਕਾਲਾ ਆਰਡੀਨੈਂਸ’ ਗੈਰ-ਸੰਵਿਧਾਨਕ, ਸੰਘਵਾਦ ਦੀ ਖਿਲਾਫ਼ਵਰਜ਼ੀ ਤੇ ਪੂਰੀ ਤਰ੍ਹਾਂ ਗੈਰਜਮਹੂਰੀ ਹੈ…ਇਕ ਟੀਮ ਪਲੇਅਰ ਵਜੋਂ ਕਾਂਗਰਸ ਦੀ ਝਿਜਕ ਤੇ ਨਾਂਹ-ਨੁੱਕਰ ਨੇ, ਖਾਸ ਕਰਕੇ ਇਹੋ ਜਿਹੇ ਅਹਿਮ ਮੁੱਦੇ ‘ਤੇ, ‘ਆਪ’ ਲਈ ‘ਕਾਂਗਰਸ’ ਦੀ ਸ਼ਮੂਲੀਅਤ ਵਾਲੇ ਕਿਸੇ ਗੱਠਜੋੜ ਦਾ ਹਿੱਸਾ ਬਣਨਾ ਮੁਸ਼ਕਲ ਹੋ ਜਾਵੇਗਾ।” ਪਾਰਟੀ ਨੇ ਕਿਹਾ, ” ਜਦੋਂ ਤੱਕ ਕਾਂਗਰਸ ਜਨਤਕ ਤੌਰ ‘ਤੇ ਇਸ ਕਾਲੇ ਆਰਡੀਨੈਂਸ ਦੀ ਨਿਖੇਧੀ ਨਹੀਂ ਕਰਦੀ ਤੇ ਇਹ ਐਲਾਨ ਨਹੀਂ ਕਰਦੀ ਕਿ ਉਸ ਦੇ ਸਾਰੇ 31 ਰਾਜ ਸਭਾ ਮੈਂਬਰ ਉਪਰਲੇ ਸਦਨ ਵਿੱਚ ਆਰਡੀਨੈਂਸ ਦਾ ਵਿਰੋਧ ਕਰਨਗੇ, ‘ਆਪ’ ਲਈ ਹਮਖਿਆਲੀ ਪਾਰਟੀਆਂ ਦੀਆਂ ਭਵਿੱਖੀ ਬੈਠਕਾਂ, ਜਿਸ ਵਿੱਚ ਕਾਂਗਰਸ ਦੀ ਵੀ ਸ਼ਮੂਲੀਅਤ ਹੋਵੇ, ਵਿੱਚ ਸ਼ਾਮਲ ਹੋਣਾ ਮੁਸ਼ਕਲ ਹੋ ਜਾਵੇਗਾ।”
ਦਿੱਲੀ ‘ਚ ਕੇਂਦਰੀ ਆਰਡੀਨੈਂਸ ਬਾਰੇ ਮੌਨਸੂਨ ਇਜਲਾਸ ਤੋਂ ਪਹਿਲਾਂ ਫੈਸਲਾ ਲਵਾਂਗੇ: ਖੜਗੇ
ਨਵੀਂ ਦਿੱਲੀ/ਪਟਨਾ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਦਿੱਲੀ ਵਿੱਚ ਪ੍ਰਸ਼ਾਸਨਿਕ ਸੇਵਾਵਾਂ ਦੇ ਕੰਟਰੋਲ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਜਾਰੀ ਆਰਡੀਨੈਂਸ ਦੀ ਹਮਾਇਤ ਜਾਂ ਵਿਰੋਧ ਕਰਨ ਬਾਰੇ ਫੈਸਲਾ ਅਗਾਮੀ ਮੌਨਸੂਨ ਇਜਲਾਸ ਤੋਂ ਪਹਿਲਾਂ ਲਿਆ ਜਾਵੇਗਾ। ਖੜਗੇ ਨੇ ਇਹ ਟਿੱਪਣੀ ਅਜਿਹੇ ਮੌਕੇ ਕੀਤੀ ਹੈ ਜਦੋਂ ਆਮ ਆਦਮੀ ਪਾਰਟੀ ਨੇ ਮੰਗ ਕੀਤੀ ਹੈ ਕਿ ਕਾਂਗਰਸ ਇਸ ਮੁੱਦੇ ਨੂੰ ਲੈ ਕੇ ਜਨਤਕ ਤੌਰ ‘ਤੇ ਆਪਣਾ ਸਟੈਂਡ ਸਪਸ਼ਟ ਕਰੇ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ‘ਆਪ’ ਲਈ ਕਾਂਗਰਸ ਦੀ ਸ਼ਮੂਲੀਅਤ ਵਾਲੀ ਵਿਰੋਧੀ ਧਿਰਾਂ ਦੀ ਕਿਸੇ ਵੀ ਭਵਿੱਖੀ ਮੀਟਿੰਗ ‘ਚ ਸ਼ਾਮਲ ਹੋਣਾ ਮੁਸ਼ਕਲ ਹੈ। ਵਿਰੋਧੀ ਧਿਰਾਂ ਦੀ ਮੀਟਿੰਗ ਲਈ ਪਟਨਾ ਰਵਾਨਾ ਹੋਣ ਤੋਂ ਪਹਿਲਾਂ ‘ਆਪ’ ਦੇ ਇਸ ਅਲਟੀਮੇਟਮ ਬਾਰੇ ਪੁੱਛੇ ਜਾਣ ‘ਤੇ ਖੜਗੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਬਾਰੇ ਮੌਨਸੂਨ ਇਜਲਾਸ ਤੋਂ ਪਹਿਲਾਂ ਕੋਈ ਫੈਸਲਾ ਲਏਗੀ।
ਖੜਗੇ ਨੇ ਹੈਰਾਨੀ ਜਤਾਈ ਕਿ ਇਹ ਮਸਲਾ ਸੰਸਦ ਨਾਲ ਜੁੜਿਆ ਹੈ, ਪਰ ਇਸ ਦੀ ਹਰੇਕ ਥਾਂ ਚਰਚਾ ਕੀਤੀ ਜਾ ਰਹੀ ਹੈ। ਕਾਂਗਰਸ ਪ੍ਰਧਾਨ ਨੇ ਕਿਹਾ, ”ਆਰਡੀਨੈਂਸ ਦਾ ਵਿਰੋਧ ਕਰਨਾ ਹੈ ਜਾਂ ਹਮਾਇਤ ਕਰਨੀ ਹੈ, ਇਹ ਫੈਸਲਾ ਬਾਹਰ ਨਹੀਂ ਹੋਣਾ ਬਲਕਿ ਸੰਸਦ ਵਿਚ ਹੋਣਾ ਹੈ। ਸੰਸਦੀ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਫੈਸਲਾ ਕਰਦੀਆਂ ਹਨ ਕਿ ਕਿਨ੍ਹਾਂ ਮਸਲਿਆਂ ‘ਤੇ ਮਿਲ ਕੇ ਕੰਮ ਕਰਨਾ ਹੈ। ਉਨ੍ਹਾਂ (ਆਪ) ਨੂੰ ਇਸ ਬਾਰੇ ਪਤਾ ਹੈ ਤੇ ਉਨ੍ਹਾਂ ਦੇ ਆਗੂ ਸਰਬ ਪਾਰਟੀ ਮੀਟਿੰਗਾਂ ਵਿਚ ਵੀ ਆਉਂਦੇ ਹਨ। ਮੈਨੂੰ ਨਹੀਂ ਪਤਾ ਕਿ ਇਸ ਬਾਰੇ ਬਾਹਰ ਇੰਨਾ ਪ੍ਰਚਾਰ ਕਿਉਂ ਕੀਤਾ ਜਾ ਰਿਹਾ ਹੈ।”
ਉਨ੍ਹਾਂ ਕਿਹਾ, ”ਲਗਪਗ 18 ਤੋਂ 20 ਪਾਰਟੀਆਂ ਮਿਲ ਬੈਠ ਕੇ ਫੈਸਲਾ ਕਰਨਗੀਆਂ ਕਿ ਕਿਸ ਗੱਲ ਦਾ ਵਿਰੋਧ ਕਰਨਾ ਹੈ ਤੇ ਕਿਸ ਦੀ ਹਮਾਇਤ। ਲਿਹਾਜ਼ਾ ਇਸ ਬਾਰੇ ਹੁਣ ਕੁਝ ਕਹਿਣ ਦੀ ਥਾਂ ਅਸੀਂ ਮੌਨਸੂਨ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਫੈਸਲਾ ਲਵਾਂਗੇ।”
ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਦਿੱਲੀ ਆਰਡੀਨੈਂਸ ਬਾਰੇ ਮਿਲ ਬੈਠ ਕੇ ਵੱਖਰੇਵੇਂ ਸੁਲਝਾ ਲੈਣੇ ਚਾਹੀਦੇ ਹਨ। ਬੈਨਰਜੀ ਨੇ ਕਿਹਾ ਕਿ ਅਜਿਹੇ ਮਸਲਿਆਂ ‘ਤੇ ਵਿਚਾਰ ਚਰਚਾ ਲਈ ਪਟਨਾ ਵਿੱਚ ਹੋਈ ਵਿਰੋਧੀ ਧਿਰਾਂ ਦੀ ਮੀਟਿੰਗ ਢੁੱਕਵਾਂ ਮੰਚ ਨਹੀਂ ਹੈ। -ਪੀਟੀਆਈ