ਜਬਲਪੁਰ, 12 ਜੂਨ
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੱਧ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਆਰੰਭਦਿਆਂ ਸ਼ਿਵਰਾਜ ਸਿੰਘ ਚੌਹਾਨ ਸਰਕਾਰ ‘ਤੇ ਦੋਸ਼ ਲਾਇਆ ਕਿ ਉਹ ਭ੍ਰਿਸ਼ਟਾਚਾਰ ‘ਚ ਡੁੱਬੀ ਹੋਈ ਹੈ ਅਤੇ ਨੌਕਰੀਆਂ ਦੇਣ ‘ਚ ਨਾਕਾਮ ਰਹੀ ਹੈ। ਇਥੇ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵਿਆਪਮ, ਰਾਸ਼ਨ ਵੰਡ, ਮਾਈਨਿੰਗ, ਈ-ਟੈਂਡਰ ਅਤੇ ਕਰੋਨਾਵਾਇਰਸ ਖ਼ਿਲਾਫ਼ ਜੰਗ ‘ਚ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਅਤੇ ਕਿਹਾ ਕਿ ਸੂਬੇ ‘ਚ ਭਾਜਪਾ ਦੇ 220 ਮਹੀਨਿਆਂ ਦੇ ਰਾਜ ਦੌਰਾਨ 225 ਘੁਟਾਲੇ ਹੋਏ ਹਨ। ‘ਸੂਬੇ ‘ਚ ਭਾਜਪਾ ਸਰਕਾਰ ਦਾ ਹਰ ਮਹੀਨੇ ਕਿਸੇ ਨਾ ਕਿਸੇ ਨਵੇਂ ਘੁਟਾਲੇ ‘ਚ ਨਾਮ ਆਉਂਦਾ ਹੈ।’ ਪ੍ਰਿਯੰਕਾ ਨੇ ਕਿਹਾ ਕਿ ਜੇਕਰ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਸੱਤਾ ‘ਚ ਆਈ ਤਾਂ ਮਹਿਲਾਵਾਂ ਨੂੰ 1500 ਰੁਪਏ ਮਹੀਨਾ, ਐੱਲਪੀਜੀ ਸਿਲੰਡਰ 500 ਰੁਪਏ ‘ਚ, 100 ਯੂਨਿਟ ਮੁਫ਼ਤ ਬਿਜਲੀ, ਪੁਰਾਣੀ ਪੈਨਸ਼ਨ ਯੋਜਨਾ ਬਹਾਲ ਕੀਤੀ ਜਾਵੇਗੀ ਅਤੇ ਖੇਤੀ ਕਰਜ਼ੇ ਮੁਆਫ਼ ਕੀਤੇ ਜਾਣਗੇ। ‘ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਛੱਤੀਸਗੜ੍ਹ ‘ਚ ਕਾਂਗਰਸ ਸਰਕਾਰਾਂ ਨੇ ਪੁਰਾਣੀ ਪੈਨਸ਼ਨ ਯੋਜਨਾ ਬਹਾਲ ਕਰ ਦਿੱਤੀ ਹੈ। ਕਰਨਾਟਕ ‘ਚ ਵੀ ਸਾਡੀ ਸਰਕਾਰ ਨੇ ਪੰਜ ਗਾਰੰਟੀਆਂ ਪੂਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।’ ਕਾਂਗਰਸ ਆਗੂ ਨੇ ਕਿਹਾ ਕਿ ਸੂਬੇ ‘ਚ ਪਿਛਲੇ ਤਿੰਨ ਸਾਲਾਂ ਦੌਰਾਨ ਸਿਰਫ਼ 21 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ। ‘ਜਦੋਂ ਇਹ ਅੰਕੜਾ ਮੇਰੇ ਧਿਆਨ ‘ਚ ਲਿਆਂਦਾ ਗਿਆ ਤਾਂ ਮੈਂ ਇਸ ਨੂੰ ਤਿੰਨ ਵਾਰ ਚੈੱਕ ਕਰਵਾਇਆ ਅਤੇ ਪਾਇਆ ਕਿ ਇਹ ਹਕੀਕਤ ਹੈ।’ ਉਨ੍ਹਾਂ ਕਿਹਾ ਕਿ ਚੌਹਾਨ ਸਰਕਾਰ ਨੇ ਭਗਵਾਨ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਉਜੈਨ ਦੇ ਮਹਾਕਾਲ ਲੋਕ ਲਾਂਘੇ ‘ਚ ਹਨੇਰੀ ਕਾਰਨ 28 ਮਈ ਨੂੰ ਨੁਕਸਾਨੀਆਂ ਗਈਆਂ ਛੇ ਮੂਰਤੀਆਂ ਦਾ ਹਵਾਲਾ ਵੀ ਦਿੱਤਾ। ਇਸ ਦੇ ਪਹਿਲੇ ਪੜਾਅ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਅਕਤੂਬਰ ‘ਚ ਕੀਤਾ ਸੀ। ਉੱਘੇ ਮਹਾਕਾਲੇਸ਼ਵਰ ਮੰਦਰ ਦੇ 900 ਮੀਟਰ ਲੰਬੇ ਲਾਂਘੇ ਦੀ 856 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਕੀਤੀ ਜਾ ਰਹੀ ਹੈ ਅਤੇ ਪਹਿਲੇ ਪੜਾਅ ਦਾ ਖ਼ਰਚਾ 351 ਕਰੋੜ ਰੁਪਏ ਹੈ। ਭਾਜਪਾ ਦੇ ਡਬਲ ਇੰਜਣ ਸਰਕਾਰ ਦੇ ਚੋਣ ਨਾਅਰੇ ਦਾ ਮਖੌਲ ਉਡਾਉਂਦਿਆਂ ਪ੍ਰਿਯੰਕਾ ਨੇ ਕਿਹਾ ਕਿ ਹਿਮਾਚਲ ਅਤੇ ਕਰਨਾਟਕ ਦੇ ਲੋਕਾਂ ਨੇ ਚੋਣਾਂ ‘ਚ ਇਸ ਜੁਮਲੇ ਦਾ ਮੂੰਹ ਤੋੜਵਾਂ ਜਵਾਬ ਦੇ ਦਿੱਤਾ ਹੈ। ਕੇਂਦਰੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦੇ ਕੁਝ ਆਗੂਆਂ ਨੇ ਸੱਤਾ ਖ਼ਾਤਰ ਕਾਂਗਰਸ ਦੀ ਵਿਚਾਰਧਾਰਾ ਨੂੰ ਛੱਡ ਦਿੱਤਾ ਸੀ। ਕਮਲਨਾਥ ਸਰਕਾਰ ਨੂੰ ਡੇਗਣ ਦਾ ਜ਼ਿਕਰ ਕਰਦਿਆਂ ਕਾਂਗਰਸ ਆਗੂ ਨੇ ਕਿਹਾ ਕਿ ਭਾਜਪਾ ਨੇ ਪੈਸੇ ਦੀ ਤਾਕਤ ਨਾਲ ਲੋਕਾਂ ਦੇ ਫ਼ਤਵੇ ਦਾ ਅਪਮਾਨ ਕੀਤਾ। ‘ਭਾਜਪਾ ਸੱਤਾ ‘ਚ ਰਹਿਣ ਲਈ ਕੁਝ ਵੀ ਕਰ ਸਕਦੀ ਹੈ।’ ਮੁੱਖ ਮੰਤਰੀ ਚੌਹਾਨ, ਜਿਨ੍ਹਾਂ ਸ਼ਨਿਚਰਵਾਰ ਨੂੰ ‘ਲਾਡਲੀ ਬਹਿਨਾ’ ਯੋਜਨਾ ਸ਼ੁਰੂ ਕੀਤੀ ਹੈ, ‘ਤੇ ਵਰ੍ਹਦਿਆਂ ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਨੇ ਮਹਿਲਾਵਾਂ ਦੀ ਬਿਹਤਰੀ ਲਈ ਪਿਛਲੇ 18 ਸਾਲਾਂ ਦੌਰਾਨ ਕੀ ਕਦਮ ਚੁੱਕੇ ਹਨ। ਚੌਹਾਨ ਨੂੰ ‘ਘੋਸ਼ਣਾਵੀਰ’ ਕਰਾਰ ਦਿੰਦਿਆਂ ਪ੍ਰਿਯੰਕਾ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਰਹਿੰਦਿਆਂ 18 ਸਾਲਾਂ ‘ਚ 22 ਹਜ਼ਾਰ ਐਲਾਨ ਕੀਤੇ ਪਰ ਉਨ੍ਹਾਂ ‘ਚੋਂ ਇਕ ਵੀ ਲਾਗੂ ਨਹੀਂ ਹੋਇਆ। ਰੈਲੀ ਨੂੰ ਕਮਲਨਾਥ, ਜੇਪੀ ਅਗਰਵਾਲ, ਦਿੱਗਵਿਜੈ ਸਿੰਘ, ਸੁਰੇਸ਼ ਪਚੌਰੀ, ਕਾਂਤੀਲਾਲ ਭੂਰੀਆ ਅਤੇ ਵਿਵੇਕ ਤਨਖਾ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਨੇ ਨਰਮਦਾ ਦਰਿਆ ਦੀ ਪੂਜਾ ਕੀਤੀ ਜਿਸ ਨੂੰ ਮੱਧ ਪ੍ਰਦੇਸ਼ ਦੀ ਜੀਵਨ ਰੇਖਾ ਮੰਨਿਆ ਜਾਂਦਾ ਹੈ। -ਪੀਟੀਆਈ
ਸ਼ਿਵਰਾਜ ਦੇ ‘ਡਰਾਮੇ’ ਦਾ ਮੁਕਾਬਲਾ ਨਹੀਂ ਕਰ ਸਕਦਾ: ਕਮਲਨਾਥ
ਜਬਲਪੁਰ: ਮੱਧ ਪ੍ਰਦੇਸ਼ ਕਾਂਗਰਸ ਦੇ ਮੁਖੀ ਕਮਲਨਾਥ ਨੇ ਕਿਹਾ ਹੈ ਕਿ ਉਹ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਝੂਠੇ ਵਾਅਦੇ ਕਰਨ, ਡਾਂਸ ਅਤੇ ਅਦਾਕਾਰੀ ਜਿਹੇ ‘ਡਰਾਮਿਆਂ’ ਦਾ ਕੋਈ ਮੁਕਾਬਲਾ ਨਹੀਂ ਕਰ ਸਕਦੇ ਹਨ। ਉਂਜ ਉਨ੍ਹਾਂ ਕਿਹਾ ਕਿ ਉਹ ਸੱਚ ਬੋਲਣ ਦੇ ਮਾਮਲੇ ‘ਚ ਚੌਹਾਨ ਨਾਲ ਮੁਕਾਬਲਾ ਜ਼ਰੂਰ ਕਰ ਸਕਦੇ ਹਨ। ਜਬਲਪੁਰ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਮਲਨਾਥ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਘੁਟਾਲੇ ਕਰਕੇ ਨੌਜਵਾਨਾਂ ਦੇ ਭਵਿੱਖ ਨੂੰ ਤਬਾਹ ਕਰ ਦਿੱਤਾ ਹੈ। ਕਮਲਨਾਥ ਨੇ ਆਪਣੇ ਪੁਰਾਣੇ ਬਿਆਨ ਨੂੰ ਦੁਹਰਾਇਆ ਕਿ ‘ਮੈਂ ਹਿੰਦੂ ਹੂੰ, ਲੇਕਿਨ ਮੂਰਖ ਨਹੀਂ ਹੂੰ।’ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੇ ਛੁਪੇ ਏਜੰਡੇ ਦੇ ਜਾਲ ‘ਚ ਨਾ ਫਸਣ। -ਆਈਏਐੱਨਐੱਸ