ਰਤਨ ਸਿੰਘ ਢਿੱਲੋਂ
ਅੰਬਾਲਾ, 1 ਨਵੰਬਰ
ਦੀਵਾਲੀ ਵਾਲੀ ਰਾਤ ਅੰਬਾਲਾ ਵਿਚ ਦੋ ਥਾਵਾਂ ’ਤੇ ਅੱਗ ਦਾ ਤਾਂਡਵ ਦੇਖਣ ਨੂੰ ਮਿਲਿਆ। ਇੱਥੋਂ ਦੇ ਸੈਨਾ ਨਗਰ ਵਿਚ ਸਥਿਤ ਕਰਾਕਰੀ ਦੀ ਹੋਲਸੇਲ ਮਾਰਕੀਟ ਦੀ ਇਕ ਦੁਕਾਨ ਅੱਗ ਲੱਗਣ ਨਾਲ ਸੜਕ ਕੇ ਸਵਾਹ ਹੋ ਗਈ। ਇਸੇ ਤਰ੍ਹਾਂ ਸ਼ਹਿਰ ਦੇ ਸ਼ਿਵ ਮੰਦਰ ਕੋਲ ਪਾਰਕਿੰਗ ਵਿਚ ਖੜ੍ਹੀਆਂ ਕਈ ਕਾਰਾਂ ਵੀ ਅੱਗ ਲੱਗਣ ਨਾਲ ਸੜ ਗਈਆਂ। ਦੋਹਾਂ ਸਥਾਨਾਂ ’ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ।
ਜਾਣਕਾਰੀ ਅਨੁਸਾਰ ਸੈਨਾ ਨਗਰ ਦੀ ਹੋਲਸੇਲ ਮਾਰਕੀਟ ਵਿਚ ਵਿਨਾਇਕ ਐਂਟਰਪ੍ਰਾਈਜ਼ਿਜ਼ ਨਾਂ ਦੀ ਥੋਕ ਮਾਲ ਦੀ ਦੁਕਾਨ ਨੂੰ ਵੀਰਵਾਰ ਰਾਤ ਸਾਢੇ 9 ਵਜੇ ਦੇ ਕਰੀਬ ਅੱਗ ਲੱਗ ਗਈ ਜਿਸ ਨਾਲ ਚਾਰ ਮੰਜ਼ਿਲਾ ਦੁਕਾਨ ਸੜ ਕੇ ਸਵਾਹ ਹੋ ਗਈ। ਫਾਇਰ ਬ੍ਰਿਗੇਡ ਦੇ 15 ਮੁਲਾਜ਼ਮਾਂ ਨੇ 4-5 ਗੱਡੀਆਂ ਨਾਲ ਲਗਾਤਾਰ 4 ਘੰਟੇ ਪਾਣੀ ਦੀ ਵਰਖਾ ਕਰ ਕੇ ਬੜੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ।
ਫਾਇਰ ਅਫਸਰ ਤਰਸੇਮ ਨੇ ਦੱਸਿਆ, ‘‘ਸਾਨੂੰ ਇਸ ਘਟਨਾ ਦੀ ਸੂਚਨਾ ਕਰੀਬ 11 ਵਜੇ ਮਿਲੀ ਜਿਸ ਤੋਂ ਬਾਅਦ ਸਾਡੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਕਰੀਬ 5 ਗੱਡੀਆਂ ਲਗਾਤਾਰ ਇਸ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ।’’ ਗੁਆਂਢੀ ਦੁਕਾਨਦਾਰ ਨੀਰਜ ਨਾਗਪਾਲ ਨੇ ਦੱਸਿਆ ਕਿ ਇਹ ਹੋਲਸੇਲ ਦੀ ਦੁਕਾਨ ਨੀਰਜ ਸਿੰਗਲਾ ਦੀ ਹੈ। ਅੱਗ ਲੱਗਣ ਨਾਲ ਸਭ ਕੁਝ ਤਬਾਹ ਹੋ ਗਿਆ ਹੈ ਅਤੇ ਸਿੰਗਲਾ ਦਾ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਇਸੇ ਤਰ੍ਹਾਂ ਅੰਬਾਲਾ ਸ਼ਹਿਰ ਦੇ ਰਾਮਬਾਗ ਨੇੜੇ ਸ਼ਿਵ ਮੰਦਰ ਦੇ ਮੈਦਾਨ ਵਿਚ ਪਾਰਕ ਕੀਤੀਆਂ ਗਈਆਂ ਕਾਰਾਂ ਨੂੰ ਅੱਗ ਲੱਗ ਗਈ। ਇਸ ਅੱਗ ਵਿਚ ਚਾਰ ਕਾਰਾਂ ਅਤੇ ਇਕ ਈ-ਰਿਕਸ਼ਾ ਸੜ ਕੇ ਸੁਆਹ ਹੋ ਗਏ। ਸੂਚਨਾ ਮਿਲਦਿਆਂ ਹੀ ਪੁਲੀਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਲਗਾਤਾਰ ਕੈਮੀਕਲ ਤੇ ਪਾਣੀ ਦੀ ਵਰਤੋਂ ਕਰਕੇ ਅੱਗ ’ਤੇ ਕਾਬੂ ਪਾਇਆ। ਫਾਇਰ ਅਫਸਰ ਤਰਸੇਮ ਨੇ ਦੱਸਿਆ ਕਿ ਪਾਰਕਿੰਗ ਵਿੱਚ ਅੱਗ ਪਟਾਕਿਆਂ ਕਾਰਨ ਲੱਗੀ ਜਿਸ ਵਿਚ ਈ-ਰਿਕਸ਼ਾ ਸਮੇਤ ਚਾਰ ਕਾਰਾਂ ਸੜ ਕੇ ਸਵਾਹ ਹੋ ਗਈਆਂ।