ਭੁਵਨੇਸ਼ਵਰ, 26 ਜੂਨ
ਉੜੀਸਾ ਵਿੱਚ 2 ਜੂਨ ਦੇ ਰੇਲ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਦੇ ਦੁੱਖਾਂ ਦਾ ਕੋਈ ਅੰਤ ਨਹੀਂ ਹੈ ਕਿਉਂਕਿ ਹਾਦਸੇ ਦੇ ਚਾਰ ਹਫਤਿਆਂ ਬਾਅਦ ਵੀ ਉਹ ਆਪਣੇ ਕਰੀਬੀਆਂ ਦੀਆਂ ਲਾਸ਼ਾਂ ਲੈਣ ਲਈ ਇੰਤਜ਼ਾਰ ਕਰ ਰਹੇ ਹਨ। ਹਾਦਸੇ ਵਿੱਚ ਕਰੀਬ 300 ਜਾਨਾਂ ਗਈਆਂ ਸਨ। ਬਿਹਾਰ ਦੇ ਬੇਗੂਸਰਾਏ ਦੇ ਪਿੰਡ ਬਾਰੀ-ਬਲੀਆ ਦੀ ਬਸੰਤੀ ਦੇਵੀ ਆਪਣੇ ਪਤੀ ਦੀ ਲਾਸ਼ ਦਾ ਦਾਅਵਾ ਕਰਨ ਲਈ 10 ਦਿਨਾਂ ਤੋਂ ਏਮਜ਼ ਦੇ ਨੇੜੇ ਗੈਸਟ ਹਾਊਸ ਵਿਚ ਹੈ। ਉਸ ਨੇ ਦਾਅਵਾ ਕੀਤਾ ਕਿ ਅਧਿਕਾਰੀਆਂ ਨੇ ਉਸ ਨੂੰ ਹਾਲੇ ਤੱਕ ਨਹੀਂ ਦੱਸਿਆ ਕਿ ਲਾਸ਼ ਕਦੋਂ ਮਿਲੇਗੀ। ਅਜਿਹਾ ਹਾਲ ਪੂਰਨੀਆ ਦੇ ਰਹਿਣ ਵਾਲੇ ਨਰਾਇਣ ਰਿਸ਼ੀਦੇਵ ਦਾ ਹੈ, ਜੋ 4 ਜੂਨ ਤੋਂ ਆਪਣੇ ਪੋਤੇ ਸੂਰਜ ਕੁਮਾਰ ਦੀ ਲਾਸ਼ ਲੈਣ ਦਾ ਇੰਤਜ਼ਾਰ ਕਰ ਰਿਹਾ ਹੈ। ਦਸਵੀਂ ਪਾਸ ਕਰਨ ਤੋਂ ਬਾਅਦ ਸੂਰਜ ਨੌਕਰੀ ਦੀ ਭਾਲ ਵਿਚ ਚੇਨਈ ਜਾ ਰਿਹਾ ਸੀ। ਅਧਿਕਾਰੀਆਂ ਨੇ ਪਹਿਲਾਂ ਹੀ ਉਸ ਦਾ ਡੀਐੱਨਏ ਸੈਂਪਲ ਲਿਆ ਹੈ ਪਰ ਰਿਪੋਰਟ ਆਉਣੀ ਬਾਕੀ ਹੈ। ਪੱਛਮੀ ਬੰਗਾਲ ਦੇ ਕੂਚ ਬਿਹਾਰ ਜ਼ਿਲ੍ਹੇ ਦੇ ਸ਼ਿਵਕਾਂਤ ਰਾਏ ਨੇ ਦੱਸਿਆ ਕਿ ਉਸ ਦਾ ਪੁੱਤਰ ਵਿਪੁਲ ਜੂਨ ਦੇ ਅੰਤ ਵਿੱਚ ਆਪਣੇ ਵਿਆਹ ਲਈ ਤਿਰੂਪਤੀ ਤੋਂ ਘਰ ਪਰਤ ਰਿਹਾ ਸੀ। ਬੇਟੇ ਦੀ ਲਾਸ਼ ਨੂੰ ਕੇਆਈਐੱਮਐੱਸ ਹਸਪਤਾਲ ਵਿੱਚ ਰੱਖਿਆ ਗਿਆ ਸੀ ਪਰ ਉਹ ਉਸ ਨੂੰ ਬਾਲਾਸੋਰ ਹਸਪਤਾਲ ਵਿੱਚ ਲੱਭਦਾ ਰਿਹਾ। ਬਾਅਦ ਵਿੱਚ ਦੱਸਿਆਕ ਕਿ ਕੇਆਈਐੱਮਐੱਸ ਹਸਪਤਾਲ ਨੇ ਬਿਹਾਰ ਦੇ ਕਿਸੇ ਵਿਅਕਤੀ ਨੂੰ ਲਾਸ਼ ਸੌਂਪੀ, ਜੋ ਉਸ ਨੂੰ ਆਪਣੇ ਨਾਲ ਲੈ ਗਿਆ ਅਤੇ ਸਸਕਾਰ ਕੀਤਾ। ਇਸੇ ਤਰ੍ਹਾਂ ਬਿਹਾਰ ਦੇ ਮਿਜ਼ੱਫਰਪੁਰ ਦੀ ਰਹਿਣ ਵਾਲੀ ਰਾਜਕਾਲੀ ਦੇਵੀ ਆਪਣੇ ਪਤੀ ਦੀ ਲਾਸ਼ ਦੀ ਉਡੀਕ ਕਰ ਰਹੀ ਹੈ। 35 ਵਿਅਕਤੀਆਂ ਨੇ ਗੈਸਟ ਹਾਊਸ ਵਿੱਚ ਡੇਰੇ ਲਾਏ ਹਨ, ਜਦਕਿ 15 ਹੋਰ ਡੀਐੱਨਏ ਰਿਪੋਰਟਾਂ ਆਉਣ ਵਿੱਚ ਦੇਰੀ ਕਾਰਨ ਘਰ ਚਲੇ ਗਏ।