ਜਸਵੰਤ ਜੱਸ
ਫ਼ਰੀਦਕੋਟ, 10 ਨਵੰਬਰ
ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਹਰੀ ਨੌ ਵਿੱਚ ਇੱਕ ਮਹੀਨਾ ਪਹਿਲਾਂ ਕਤਲ ਕੀਤੇ ਗਏ ਭਾਈ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਤਲ ਕਾਂਡ ਵਿੱਚ ਕਥਿਤ ਸ਼ਾਮਲ ਦੋ ਸ਼ੂਟਰਾਂ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਖਰੜ ਤੋਂ ਗ੍ਰਿਫ਼ਤਾਰ ਕਰਕੇ ਫਰੀਦਕੋਟ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ। ਮੁਲਜ਼ਮਾਂ ਦੀ ਪਛਾਣ ਨਵਜੋਤ ਸਿੰਘ ਤੇ ਅਨਮੋਲ ਪ੍ਰੀਤ ਸਿੰਘ ਵਜੋਂ ਦੱਸੀ ਗਈ ਹੈ ਤੇ ਦੋਵੇਂ ਬਰਨਾਲਾ ਜ਼ਿਲ੍ਹੇ ਦੇ ਵਸਨੀਕ ਹਨ। ਇਨ੍ਹਾਂ ਨੇ ਗੁਰਪ੍ਰੀਤ ਸਿੰਘ ਹਰੀ ਨੌ ਨੂੰ ਕਥਿਤ ਗੋਲੀਆਂ ਮਾਰ ਕੇ ਕਤਲ ਕੀਤਾ ਸੀ ਅਤੇ ਇਨ੍ਹਾਂ ਦਾ ਸਬੰਧ ਕੈਨੇਡਾ ਅਧਾਰਿਤ ਅਰਸ਼ ਡੱਲਾ ਗੈਂਗ ਨਾਲ ਹੈ। ਇਸ ਤੋਂ ਪਹਿਲਾਂ ਪੁਲੀਸ ਬਿਲਾਲ ਅਹਿਮਦ, ਗੁਰਮਨਦੀਪ ਸਿੰਘ ਅਤੇ ਅਰਸ਼ਦੀਪ ਸਿੰਘ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਗੁਰਪ੍ਰੀਤ ਹਰੀ ਨੌ ਦੇ ਕਤਲ ਕਾਂਡ ਪਿੱਛੇ ਖਡੂਰ ਸਾਹਿਬ ਦੇ ਸੰਸਦ ਭਾਈ ਅੰਮ੍ਰਿਤਪਾਲ ਸਿੰਘ ਦੀ ਸਾਜ਼ਿਸ਼ ਵੀ ਦੱਸੀ ਜਾ ਰਹੀ ਹੈ ਜੋ ਇਸ ਵੇਲੇ ਡਿਬਰੂਗੜ ਜੇਲ੍ਹ ਵਿੱਚ ਨਜ਼ਰਬੰਦ ਹਨ। ਦੋਵਾਂ ਸ਼ੂਟਰਾਂ ਨੂੰ ਅੱਜ ਇੱਥੇ ਇਲਾਕਾ ਮਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ ਹੈ। ਜ਼ਿਲ੍ਹਾ ਪੁਲੀਸ ਮੁਖੀ ਪ੍ਰਗਿਆ ਜੈਨ ਨੇ ਕਿਹਾ ਕਿ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਲੈਣ ਲਈ ਅਦਾਲਤ ਵਿੱਚ ਅਰਜ਼ੀ ਦਿੱਤੀ ਜਾਵੇਗੀ ਤਾਂ ਜੋ ਇਸ ਕਤਲ ਕਾਂਡ ਵਿੱਚ ਜੁੜੇ ਬਾਕੀ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫਤਾਰੀ ਕੀਤੀ ਜਾ ਸਕੇ। ਦੱਸਣਯੋਗ ਹੈ ਕਿ ਸਿੱਖ ਜਥੇਬੰਦੀਆਂ ਨੇ ਪੰਜਾਬ ਪੁਲੀਸ ਨੂੰ 15 ਨਵੰਬਰ ਤੱਕ ਕਾਤਲਾਂ ਨੂੰ ਗ੍ਰਿਫਤਾਰ ਕਰਨ ਦਾ ਅਲਟੀਮੇਟਮ ਦਿੱਤਾ ਸੀ ਅਤੇ ਐਲਾਨ ਕੀਤਾ ਸੀ ਕਿ ਜੇ ਪੁਲੀਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠਣਗੇ।