ਵੈਨਕੂਵਰ: ਕੈਨੇਡਾ ਦੇ ਆਵਾਸ ਮੰਤਰੀ ਮਾਈਕ ਮਿਲਰ ਨੇ ਅਗਲੇ ਦੋ ਸਾਲ ਲਈ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਸਮੇਤ ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ’ਚ ਵੱਡੇ ਬਦਲਾਅ ਕੀਤੇ ਹਨ। ਕੌਮਾਂਤਰੀ ਵਿਦਿਆਰਥੀਆਂ ਦੀ 2023 ਦੀ ਗਿਣਤੀ ਨੂੰ 35 ਫੀਸਦ ਘਟਾ ਕੇ ਅਗਲੇ ਦੋ ਸਾਲ ਲਈ 3,64,000 ਤੱਕ ਸੀਮਤ ਕਰ ਦਿੱਤਾ ਗਿਆ ਹੈ। ਹਰ ਸੂਬੇ ਦੀ ਆਬਾਦੀ ਅਨੁਸਾਰ ਉਥੋਂ ਦਾ ਕੌਮਾਂਤਰੀ ਵਿਦਿਆਰਥੀ ਕੋਟਾ ਨਿਰਧਾਰਤ ਹੋਵੇਗਾ। ਨਵਾਂ ਫ਼ੈਸਲਾ ਆਉਂਦੀ ਸਤੰਬਰ ਤੋਂ ਲਾਗੂ ਹੋਵੇਗਾ ਜਿਸ ਤੋਂ ਬ੍ਰਿਟਿਸ਼ ਕੋਲੰਬੀਆ ਅਤੇ ਓਂਟਾਰੀਓ ਕਾਫੀ ਪ੍ਰਭਾਵਿਤ ਹੋਣਗੇ। ਮੰਤਰੀ ਵੱਲੋਂ ਐਲਾਨੇ ਨਿਯਮਾਂ ਤਹਿਤ ਹੁਣ ਸਰਕਾਰੀ ਤੇ ਨਿੱਜੀ ਕਾਲਜਾਂ ਦੀ ਸਾਂਝ-ਭਿਆਲੀ ਨਹੀਂ ਚੱਲੇਗੀ ਕਿਉਕਿ ਇਸ ਸਾਂਝ ਰਾਹੀਂ ਬਣਦਾ ਪੋਸਟ ਗਰੈਜੂਏਟ ਵਰਕ ਪਰਮਿਟ ਦਾ ਰਸਤਾ ਬੰਦ ਕਰ ਦਿੱਤਾ ਗਿਆ ਹੈ। ਮੰਤਰੀ ਦੇ ਐਲਾਨ ਮੁਤਾਬਕ ਗੈਰ ਕਿੱਤਾ ਮੁਖੀ ਡਿਗਰੀ ਪ੍ਰੋਗਰਾਮਾਂ ਵਾਲੇ ਵਿਦਿਆਰਥੀ ਹੁਣ ਆਪਣੇ ਜੀਵਨ ਸਾਥੀ (ਪਤੀ ਜਾਂ ਪਤਨੀ) ਨੂੰ ਵਰਕ ਪਰਮਿਟ ਨਹੀਂ ਦਿਵਾ ਸਕਣਗੇ। ਉਨ੍ਹਾਂ ਕਿਹਾ ਕਿ ਵਰਕ ਪਰਮਿਟ ਦੇਣ ਦੀ ਪਹਿਲਾਂ ਵਾਲੀ ਨੀਤੀ ਵਿਚ ਵੀ ਵੱਡੇ ਬਦਲਾਅ ਕੀਤੇ ਗਏ ਹਨ। -ਟਨਸ