ਨਵੀਂ ਦਿੱਲੀ, 5 ਮਾਰਚ
‘ਆਪ’ ਦੇ ਕੌਮੀ ਤਰਜਮਾਨ ਸੌਰਭ ਭਾਰਦਵਾਜ ਨੇ ਅੱਜ ਦਾਅਵਾ ਕੀਤਾ ਕਿ ਕੇਂਦਰ ਜਾਂਚ ਏਜੰਸੀ ਹਿਰਾਸਤੀ ਪੁੱਛ-ਪੜਤਾਲ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋੋਦੀਆ ਨੂੰ ‘ਤਸੀਹੇ’ ਦੇ ਰਹੀ ਹੈ ਤੇ ਦੋਸ਼ਾਂ ਵਾਲੇ ਦਸਤਾਵੇਜ਼ਾਂ ‘ਤੇ ਦਸਤਖ਼ਤ ਕਰਨ ਲਈ ਮਜਬੂਰ ਕੀਤਾ ਜਾ ਰਿਹੈ। ਸੀਬੀਆਈ ਨੇ ਦਿੱਲੀ ਐਕਸਾਈਜ਼ ਪਾਲਿਸੀ ਕੇਸ ਦੀ ਜਾਂਚ ਵਿੱਚ ਕਥਿਤ ਸਹਿਯੋਗ ਨਾ ਦਿੱਤੇ ਜਾਣ ਦੇ ਹਵਾਲੇ ਨਾਲ ਸਿਸੋਦੀਆ ਨੂੰ 26 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਵਿਸ਼ੇਸ਼ ਸੀਬੀਆਈ ਕੋਰਟ ਨੇ ਲੰਘੇ ਦਿਨ ਸਿਸੋਦੀਆ ਦੀ ਹਿਰਾਸਤ 6 ਮਾਰਚ ਤੱਕ ਵਧਾ ਦਿੱਤੀ ਸੀ। ਸਿਸੋਦੀਆ ਨੇ 28 ਫਰਵਰੀ ਨੂੰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਕੈਬਨਿਟ ‘ਚੋਂ ਅਸਤੀਫ਼ਾ ਦੇ ਦਿੱਤਾ ਸੀ। ਭਾਰਦਵਾਜ ਨੇ ਪੱਤਰਕਾਰਾਂ ਨੂੰ ਕਿਹਾ, ”ਸੀਬੀਆਈ ਮਨੀਸ਼ ਸਿਸੋਦੀਆ ਨੂੰ ਤਸੀਹੇ ਦੇ ਰਹੀ ਹੈ। ਝੂਠੇ ਦੋਸ਼ਾਂ ਵਾਲੇ ਦਸਤਾਵੇਜ਼ਾਂ ‘ਤੇ ਦਸਤਖ਼ਤ ਕਰਨ ਲਈ ਦਬਾਅ ਪਾਇਆ ਜਾ ਰਿਹੈ। ਸੀਬੀਆਈ ਕੋਲ ਸਿਸੋਦੀਆ ਖਿਲਾਫ਼ ਕੋਈ ਸਬੂਤ ਨਹੀਂ ਹੈ। ਉਨ੍ਹਾਂ ਸਿਸੋਦੀਆ ਦੀ ਰਿਹਾਇਸ਼ ‘ਤੇ ਵੀ ਛਾਪਾ ਮਾਰਿਆ, ਪਰ ਕੁਝ ਨਹੀਂ ਮਿਲਿਆ।” ਸਿਸੋਦੀਆ ਨੇ ਸ਼ਨਿੱਚਰਵਾਰ ਨੂੰ ਕੋਰਟ ਵਿੱਚ ਪੇੇਸ਼ ਕੀਤੇ ਜਾਣ ਮੌਕੇ ਦਾਅਵਾ ਕੀਤਾ ਸੀ ਕਿ ‘ਉਸ ਨੂੰ 8 ਤੋਂ 9 ਘੰਟਿਆਂ ਤੱਕ ਬਿਠਾ ਕੇ ਰੱਖਿਆ ਜਾਂਦਾ ਹੈ ਤੇ ਇਕੋ ਸਵਾਲ ਵਾਰ ਵਾਰ ਪੁੱਛਿਆ ਜਾਂਦਾ ਹੈ। ਸਿਸੋਦੀਆ ਨੇ ਇਸ ਨੂੰ ‘ਮਾਨਸਿਕ ਤੌਰ ‘ਤੇ ਪ੍ਰੇਸ਼ਾਨ’ ਕਰਨਾ ਦੱਸਿਆ ਸੀ। -ਪੀਟੀਆਈ