ਬੰਗਲੂਰੂ, 20 ਅਗਸਤ
ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਕਿਹਾ ਕਿ 23 ਅਗਸਤ ਨੂੰ ਚੰਦਰਯਾਨ-3 ਦੀ ਚੰਨ ਦੀ ਸਤਹਿ ’ਤੇ ਸੌਫਟ ਲੈਂਡਿੰਗ ਨੂੰ ਪੂਰਾ ਦੇਸ਼ ਲਾਈਵ ਦੇਖ ਸਕੇਗਾ। ਇਸਰੋ ਨੇ ਕਿਹਾ ਕਿ ਬੇਸਬਰੀ ਨਾਲ ਉਡੀਕੇ ਜਾ ਰਹੇ ਇਸ ਈਵੈਂਟ ਦਾ 23 ਅਗਸਤ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮੀਂ 5:27 ਵਜੇ ਤੋਂ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਇਹ ਲਾਈਵ ਕਵਰੇਜ ਇਸਰੋ ਦੀ ਵੈੱਬਸਾਈਟ, ਇਸ ਦੇ ਯੂਟਿਊਬ ਚੈਨਲ, ਫੇਸਬੁੱਕ ਪੇਜ ਤੇ ਡੀਡੀ ਨੈਸ਼ਨਲ ਟੀਵੀ ਚੈਨਲ ਸਣੇ ਮਲਟੀਪਲ ਪਲੈਟਫਾਰਮਾਂ ’ਤੇ ਵੇਖੀ ਜਾ ਸਕੇਗੀ। ਇਸਰੋ ਨੇ ਕਿਹਾ ਕਿ ਇਹ ਪ੍ਰਾਪਤੀ ਭਾਰਤੀ ਵਿਗਿਆਨ, ਇੰਜਨੀਅਰਿੰਗ, ਤਕਨਾਲੋਜੀ ਅਤੇ ਉਦਯੋਗ ਲਈ ਇੱਕ ਅਹਿਮ ਪੇਸ਼ਕਦਮੀ ਦੀ ਨਿਸ਼ਾਨਦੇਹੀ ਕਰੇਗੀ, ਜੋ ਕਿ ਪੁਲਾੜ ਖੋਜ ਵਿੱਚ ਸਾਡੇ ਦੇਸ਼ ਦੀ ਤਰੱਕੀ ਦਾ ਪ੍ਰਤੀਕ ਹੈ। ਇਸਰੋ ਮੁਤਾਬਕ ਲੈਂਡਰ ਮੌਡਿਊਲ 23 ਅਗਸਤ ਨੂੰ ਸ਼ਾਮੀਂ 6:04 ਵਜੇ ਚੰਨ ਦੀ ਸਤਹਿ ’ਤੇ ਉਤਰੇਗਾ। -ਪੀਟੀਆਈ