ਦਾਂਤੇਵਾੜਾ, 3 ਸਤੰਬਰ
ਛੱਤੀਸਗੜ੍ਹ ਦੇ ਬਸਤਰ ਖ਼ਿੱਤੇ ਵਿਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ 9 ਮਾਓਵਾਦੀ ਮਾਰੇ ਗਏ। ਇਹ ਜਾਣਕਾਰੀ ਇਕ ਸੀਨੀਆ ਪੁਲੀਸ ਅਧਿਕਾਰੀ ਨੇ ਦਿੱਤੀ।
ਇੰਸਪੈਕਟਰ ਜਨਰਲ ਪੁਲੀਸ, ਬਸਤਰ ਰੇਂਜ ਸੁੰਦਰ ਰਾਜ ਪੀ. ਨੇ ਦੱਸਿਆ ਕਿ ਦੋਵਾਂ ਧਿਰਾਂ ਦਰਮਿਆਨ ਗੋਲੀਬਾਰੀ ਉਦੋਂ ਸ਼ੁਰੂ ਹੋਈ ਜਦੋਂ ਦਾਂਤੇਵਾੜਾ ਤੇ ਬੀਜਾਪੁਰ ਜ਼ਿਲ੍ਹਿਆਂ ਦੀ ਹੱਦ ਉਤੇ ਸੁਰੱਖਿਆ ਦਸਤਿਆਂ ਵੱਲੋਂ ਨਕਸਲ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਸੀ।
ਇਹ ਅਪਰੇਸ਼ਨ ਇਲਾਕੇ ਵਿਚ ਮਾਓਵਾਦੀਆਂ ਦੇ ਛੁਪੇ ਹੋਣ ਦੀ ਸੂਹ ਮਿਲਣ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ, ਜਿਸ ਵਿਚ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਅਤੇ ਸੈਂਟਰਲ ਰਿਜ਼ਰਵ ਪੁਲੀਸ ਫੋਰਸ (ਸੀਆਰਪੀਐੱਫ) ਦੇ ਜਵਾਨ ਸ਼ਾਮਲ ਸਨ।
ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਦਰਮਿਆਨ ਲੰਬੇ ਸਮੇਂ ਤੱਕ ਗੋਲੀਬਾਰੀ ਹੁੰਦੀ ਰਹੀ, ਜਿਸ ਤੋਂ ਬਾਅਦ ਘਟਨਾ ਸਥਾਨ ਤੋਂ ਮਾਓਵਾਦੀ ‘ਵਰਦੀ ਧਾਰੀ’ ਲੋਕਾਂ ਦੀਆਂ ਨੌਂ ਲਾਸ਼ਾਂ ਬਰਾਮਦ ਹੋਈਆਂ। ਇਸ ਤੋਂ ਇਲਾਵਾ ਘਟਨਾ ਸਥਾਨ ਤੋਂ ਭਾਰੀ ਮਿਕਦਾਰ ਵਿਚ ਅਸਲਾ ਤੇ ਗੋਲੀ-ਸਿੱਕਾ ਵੀ ਬਰਾਮਦ ਹੋਇਆ ਹੈ। -ਪੀਟੀਆਈ