ਚੇਨੱਈ, 8 ਅਕਤੂਬਰ
ਭਾਰਤ ਨੇ ਸਪਿੰਨਰਾਂ ਦੀ ਤਿਕੜੀ ਅਤੇ ਬੱਲੇਬਾਜ਼ ਵਿਰਾਟ ਕੋਹਲੀ (85 ਦੌੜਾਂ) ਤੇ ਕੇ.ਐੱਲ ਰਾਹੁਲ (97 ਦੌੜਾਂ) ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਅੱਜ ਇੱਥੇ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਆਸਟਰੇਲੀਆ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਆਸਟਰੇਲੀਆ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 49.3 ਓਵਰਾਂ ਵਿੱਚ 199 ਦੌੜਾਂ ’ਤੇ ਆਊਟ ਹੋ ਗਈ। ਭਾਰਤ ਨੇ ਇਹ ਟੀਚਾ 41.2 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ’ਤੇ 201 ਦੌੜਾਂ ਬਣਾ ਕੇ ਪੂਰਾ ਕਰ ਲਿਆ। ਭਾਰਤ ਦੀ ਪਾਰੀ ਦੀ ਸ਼ੁਰੂਆਤ ਬੇਹੱਦ ਨਿਰਾਸ਼ਾਜਨਕ ਰਹੀ। ਭਾਰਤ ਨੇ ਦੋ ਦੌੜਾਂ ’ਤੇ ਹੀ ਕਪਤਾਨ ਰੋਹਿਤ ਸ਼ਰਮਾ, ਇਸ਼ਾਨ ਕਿਸ਼ਨ ਅਤੇ ਸ਼੍ਰੇਅਸ ਅਈਅਰ ਦੇ ਰੂਪ ਵਿੱਚ ਤਿੰਨ ਵਿਕਟਾਂ ਗੁਆ ਲਈਆਂ ਸਨ। ਮਗਰੋਂ ਵਿਰਾਟ ਕੋਹਲੀ ਅਤੇ ਕੇ.ਐੱਲ ਰਾਹੁਲ ਨੇ ਚੌਥੀ ਵਿਕਟ ਲਈ 165 ਦੌੜਾਂ ਜੋੜੀਆਂ ਅਤੇ ਭਾਰਤ ਨੂੰ ਜਿੱਤ ਦੇ ਨੇੜੇ ਪਹੁੰਚਾਇਆ। ਰਾਹੁਲ ਨੇ ਆਸਟਰੇਲੀਆ ਦੇ ਕਪਤਾਨ ਪੈਟ ਕਮਨਿਜ਼ ਦੀ ਗੇਂਦ ’ਤੇ ਛੱਕਾ ਜੜ ਕੇ ਭਾਰਤ ਨੂੰ ਜਿੱਤ ਦਵਿਾਈ। ਆਸਟਰੇਲੀਆ ਨੇ ਅੱਜ ਇਥੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਭਾਰਤ ਨੂੰ ਜਿੱਤ ਲਈ 200 ਦੌੜਾਂ ਦਾ ਟੀਚਾ ਮਿਲਿਆ ਹੈ। ਆਸਟਰੇਲੀਆ ਲਈ ਸਟੀਵ ਸਮਿਥ ਨੇ ਸਭ ਤੋਂ ਵੱਧ 46 ਦੌੜਾਂ ਤੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ 41 ਦੌੜਾਂ ਬਣਾਈਆਂ। ਮਾਰਨਸ ਲਾਬੂਸ਼ੇਨ ਨੇ 27 ਦੌੜਾਂ ਦਾ ਯੋਗਦਾਨ ਪਾਇਆ। ਮਿਸ਼ੇਲ ਮਾਰਸ਼ ਤੇ ਐਲਕਸ ਕੇਰੀ ਖਾਤਾ ਖੋਲ੍ਹਣ ਵਿੱਚ ਵੀ ਨਾਕਾਮ ਰਹੇ। ਭਾਰਤ ਲਈ ਰਵਿੰਦਰ ਜਡੇਜਾ ਨੇ ਤਿੰਨ ਵਿਕਟਾਂ ਲਈਆਂ। ਇਸੇ ਤਰ੍ਹਾਂ ਕੁਲਦੀਪ ਯਾਦਵ ਤੇ ਜਸਪ੍ਰੀਤ ਬੁਮਰਾਹ ਨੂੰ ਦੋ-ਦੋ ਵਿਕਟ ਮਿਲੇ। -ਪੀਟੀਆਈ