ਦੇਹਰਾਦੂਨ, 12 ਨਵੰਬਰ
Dehradun road accident: ਉਤਰਾਖੰਡ ਦੀ ਰਾਜਧਾਨੀ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਟਰੱਕ ਅਤੇ ਇਨੋਵਾ ਕਾਰ ਵਿਚਾਲੇ ਹੋਈ ਟੱਕਰ ਵਿੱਚ ਛੇ ਵਿਦਿਆਰਥੀਆਂ ਦੀ ਮੌਤ ਹੋ ਗਈ। ਇਹ ਹਾਦਸਾ ਓਐਨਜੀਸੀ ਚੌਰਾਹੇ ਨੇੜੇ ਮੰਗਲਵਾਰ ਤੜਕੇ 2 ਵਜੇ ਵਾਪਰਿਆ। ਇਸ ਮੌਕੇ ਕਾਰ ਵਿਚ ਸੱਤ ਵਿਦਿਆਰਥੀ ਸਵਾਰ ਸਨ, ਜਿਨ੍ਹਾਂ ’ਚੋਂ ਤਿੰਨ ਲੜਕਿਆਂ ਤੇ ਤਿੰਨ ਲੜਕੀਆਂ ਸਮੇਤ ਛੇ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਵਿਦਿਆਰਥੀ ਗੰਭੀਰ ਜ਼ਖ਼ਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸਾਰੇ ਮ੍ਰਿਤਕ ਅਤੇ ਜ਼ਖਮੀ ਇੱਕ ਨਿੱਜੀ ਕਾਲਜ ਦੇ ਵਿਦਿਆਰਥੀ ਦੱਸੇ ਜਾਂਦੇ ਹਨ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਟੱਕਰ ਵਿਚ ਟਰੱਕ ਨੇ ਇਨੋਵਾ ਨਾਲ ਇੰਨੀ ਜ਼ੋਰ ਨਾਲ ਟੱਕਰ ਮਾਰੀ ਕਿ ਕਾਰ ਦੇ ਟੁਕੜੇ-ਟੁਕੜੇ ਹੋ ਗਏ, ਪੀੜਤਾਂ ਦੀਆਂ ਲਾਸ਼ਾਂ ਦੇ ਕਈ ਅੰਗ ਕਟ ਚੁੱਕੇ ਸਨ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲੀਸ ਨੇ ਕਿਸੇ ਤਰ੍ਹਾਂ ਕਾਰ ਨੂੰ ਕੱਟ ਕੇ ਲਾਸ਼ਾਂ ਅਤੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ।
ਟਰੱਕ ਚਾਲਕ ਮੌਕੇ ਤੋਂ ਗੱਡੀ ਛੱਡ ਕੇ ਫਰਾਰ ਹੋ ਗਿਆ। ਹਾਦਸੇ ਦਾ ਸ਼ਿਕਾਰ ਹੋਏ ਵਿਦਿਆਰਥੀ ਕਥਿਤ ਤੌਰ ’ਤੇ ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਮ੍ਰਿਤਕਾਂ ਦੀ ਪਛਾਣ ਗੁਨੀਤ (19), ਕਾਮਾਕਸ਼ੀ (20), ਨਵਿਆ ਗੋਇਲ (23), ਰਿਸ਼ਭ ਜੈਨ (24), ਕੁਨਾਲ ਕੁਕਰੇਜਾ (23) ਅਤੇ ਅਤੁਲ ਅਗਰਵਾਲ (24) ਵਜੋਂ ਹੋਈ ਹੈ। ਜ਼ਖਮੀ ਦੀ ਪਛਾਣ ਸਿਧੇਸ਼ ਅਗਰਵਾਲ ਵਾਸੀ ਦੇਹਰਾਦੂਨ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਸਬੰਧਤ ਐਸਪੀ ਨੇ ਮੌਕੇ ਦਾ ਜਾਇਜ਼ਾ ਲੈਣ ਲਈ ਹਸਪਤਾਲ ਦਾ ਦੌਰਾ ਕੀਤਾ ਹੈ। ਆਈਏਐੱਨਐੱਸ