ਓਟਵਾ (ਕੈਨੇਡਾ), 13 ਅਗਸਤ
ਕੱਟੜਵਾਦੀ ਅਨਸਰਾਂ ਵੱਲੋਂ ਸ਼ਨਿੱਚਰਵਾਰ ਦੇਰ ਰਾਤ ਬ੍ਰਿਟਿਸ਼ ਕੋਲੰਬੀਆ ਦੇ ਹਿੰਦੂ ਮੰਦਿਰ ਵਿੱਚ ਭੰਨਤੋੜ ਕੀਤੀ ਗਈ। ਮੰਦਿਰ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪੋਸਟਰ ਵੀ ਲਾਏ ਗਏ। ਆਸਟਰੇਲੀਆ ਟੂਡੇ ਨੇ ਇਕ ਟਵੀਟ ਵਿੱਚ ਕਿਹਾ ਕਿ ਮੰਦਿਰ ਵਿਚ ਭੰਨਤੋੜ ਦੀ ਘਟਨਾ ਕੈਨੇਡਾ ਦਾ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਵਾਪਰੀ। ਇਸ ਪੂਰੇ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਵਾਇਰਲ ਹੋ ਗਈ ਹੈ। ਆਸਟਰੇਲੀਆ ਟੂਡੇ ਵੱਲੋਂ ਸਾਂਝੀ ਕੀਤੀ ਵੀਡੀਓ ਵਿੱਚ ਦੋ ਨਕਾਬਪੋਸ਼ ਭੱਜਣ ਤੋਂ ਪਹਿਲਾਂ ਮੰਦਿਰ ਦੀ ਕੰਧ ’ਤੇ ਪੋਸਟਰ ਲਾਉਂਦੇ ਤੇ ਤਸਵੀਰਾਂ ਖਿੱਚਦੇ ਨਜ਼ਰ ਆ ਰਹੇ ਹਨ। ਮੰਦਰ ਦੇ ਗੇਟ ’ਤੇ ਲਾਏ ਪੋਸਟਰ ਵਿੱਚ ਹਰਦੀਪ ਸਿੰਘ ਨਿੱਝਰ ਦੀ ਤਸਵੀਰ ਵੀ ਹੈ, ਜਿਸ ਦੀ ਇਸ ਸਾਲ ਜੂਨ ਵਿੱਚ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਂਜ ਕੈਨੇੇਡਾ ਦੇ ਮੰਦਿਰ ਵਿੱਚ ਖਾਲਿਸਤਾਨੀ ਕੱਟੜਵਾਦੀਆਂ ਵੱਲੋਂ ਕੀਤਾ ਇਹ ਕੋਈ ਪਹਿਲਾ ਹਮਲਾ ਨਹੀਂ ਹੈ। ਇਸ ਸਾਲ ਅਪਰੈਲ ਵਿੱਚ ਕੈਨੇਡਾ ਦੇ ਓਂਟਾਰੀਓ ਵਿੱਚ ਵਿੰਡਸਰ ’ਚ ਬੀਏਪੀਐੱਸ ਸਵਾਮੀਨਰਾਇਣ ਮੰਦਰ ’ਤੇ ਭਾਰਤ ਵਿਰੋਧੀ ਤਸਵੀਰ ਬਣਾਈ ਗਈ ਸੀ। ਇਸ ਤੋਂ ਪਹਿਲਾਂ ਫਰਵਰੀ ਵਿੱਚ ਕੈਨੇਡਾ ਦੇ ਮਿਸੀਸਾਗਾ ਵਿਚ ਰਾਮ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਟੋਰਾਂਟੋ ਸਥਿਤ ਭਾਰਤੀ ਕੌਂਸੁਲੇਟ ਜਨਰਲ ਦੇ ਦਫ਼ਤਰ ਨੇ ਮੰਦਰ ’ਚ ਕੀਤੀ ਭੰਨਤੋੜ ਦੀ ਨਿਖੇਧੀ ਕਰਦਿਆਂ ਕੈਨੇਡੀਅਨ ਅਥਾਰਿਟੀਜ਼ ਨੂੰ ਇਸ ਘਟਨਾ ਦੀ ਜਾਂਚ ਕਰਨ ਤੇ ਸਾਜ਼ਿਸ਼ਘਾੜਿਆਂ ਖਿਲਾਫ਼ ਸਖ਼ਤ ਕਾਰਵਾਈ ਲਈ ਕਿਹਾ ਹੈ। -ਏਐੱਨਆਈ