ਨਵੀਂ ਦਿੱਲੀ, 13 ਅਪਰੈਲ
ਸੀਬੀਆਈ ਨੇ ਹੈਦਰਾਬਾਦ ਆਧਾਰਿਤ ਕੰਪਨੀ ਮੇਘਾ ਇੰਜਨੀਅਰਿੰਗ ਐਂਡ ਇੰਫਰਾਸਟ੍ਰੱਕਚਰ ਲਿਮਟਿਡ ਖ਼ਿਲਾਫ਼ ਕਥਿਤ ਰਿਸ਼ਵਤਖੋਰੀ ਦੇ ਕੇਸ ’ਚ ਐੱਫਆਈਆਰ ਦਰਜ ਕੀਤੀ ਹੈ ਜਿਸ ਨੇ 966 ਕਰੋੜ ਰੁਪਏ ਦੇ ਚੋਣ ਬਾਂਡ ਖ਼ਰੀਦੇ ਸਨ। ਉਹ ਦੂਜੀ ਸਭ ਤੋਂ ਵੱਡੀ ਕੰਪਨੀ ਸੀ ਜਿਸ ਨੇ ਇੰਨੀ ਵੱਡੀ ਮਾਤਰਾ ’ਚ ਬਾਂਡ ਖ਼ਰੀਦੇ ਸਨ। ਅਧਿਕਾਰੀਆਂ ਨੇ ਕਿਹਾ ਕਿ ਜਗਦਾਲਪੁਰ ਇੰਟੇਗ੍ਰੇਟਿਡ ਸਟੀਲ ਪਲਾਂਟ ਨਾਲ ਸਬੰਧਤ ਕੰਮਾਂ ਦੇ ਸਿਲਸਿਲੇ ’ਚ ਮੇਘਾ ਇੰਜਨੀਅਰਿੰਗ ਦੇ 174 ਕਰੋੜ ਰੁਪਏ ਦੇ ਬਿੱਲ ਕਲੀਅਰ ਕਰਨ ਲਈ 78 ਲੱਖ ਰੁਪਏ ਦੇ ਕਰੀਬ ਕਥਿਤ ਰਿਸ਼ਵਤ ਲੈਣ ਦੇ ਦੋਸ਼ ਹੇਠ ਦਰਜ ਐੱਫਆਈਆਰ ’ਚ ਐੱਨਆਈਐੱਸਪੀ ਤੇ ਐੱਨਐੱਮਡੀਸੀ ਲਿਮਟਿਡ ਦੇ ਅੱਠ ਅਤੇ ਮਿਕੌਨ ਦੇ ਦੋ ਅਧਿਕਾਰੀਆਂ ਦੇ ਨਾਮ ਵੀ ਸ਼ਾਮਲ ਹਨ। ਚੋਣ ਕਮਿਸ਼ਨ ਵੱਲੋਂ 21 ਮਾਰਚ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਮੇਘਾ ਇੰਜਨੀਅਰਿੰਗ ਚੋਣ ਬਾਂਡਾਂ ਦੀ ਦੂਜੀ ਸਭ ਤੋਂ ਵੱਡੀ ਖ਼ਰੀਦਦਾਰ ਸੀ ਅਤੇ ਉਸ ਨੇ ਕਰੀਬ 586 ਕਰੋੜ ਰੁਪਏ ਭਾਜਪਾ ਨੂੰ ਚੰਦੇ ਵਜੋਂ ਦਿੱਤੇ ਸਨ। -ਪੀਟੀਆਈ