ਜੈਪੁਰ, 19 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਸਥਾਨ ਵਿੱਚ ਕਾਂਗਰਸ ਸਰਕਾਰ ’ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਇਸ ਸਰਕਾਰ ਦੇ ਪੰਜ ਸਾਲ ਇਕ-ਦੂਜੇ ਨੂੰ ਰਨ-ਆਊਟ ਕਰਦੇ ਹੋਏ ਬੀਤੇ ਹਨ। ਉਨ੍ਹਾਂ ਨੇ ਕਾਂਗਰਸ ਅਤੇ ਵਿਕਾਸ ਨੂੰ ਇਕ ਦੂਜੇ ਦਾ ਦੁਸ਼ਮਨ ਦੱਸਦੇ ਹੋਏ ਕਿਹਾ ਕਿ ਸੂਬੇ ਦੇ ਸਭਿਆਚਾਰ ਦੀ ਰਾਖੀ ਲਈ ਕਾਂਗਰਸ ਨੂੰ ਹਟਾਉਣਾ ਜ਼ਰੂਰੀ ਹੈ। ਉਹ ਤਾਰਾਨਗਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਦੇਸ਼ ਵਿੱਚ ਵਿਸ਼ਵ ਕ੍ਰਿਕਟ ਕੱਪ ਨੂੰ ਲੈ ਕੇ ਪੈਦਾ ਹੋਏ ਉਤਸ਼ਾਹ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਬੱਲੇਬਾਜ਼ ਟੀਮ ਲਈ ਦੌੜਾਂ ਬਣਾਉਂਦਾ ਹੈ ਪਰ ਰਾਜਸਥਾਨ ਵਿੱਚ ਅਜਿਹਾ ਝਗੜਾ ਹੈ ਕਿ ਦੌੜਾਂ ਬਣਾਉਣਾ ਤਾਂ ਦੂਰ, ਇਹ ਲੋਕ ਇਕ ਦੂਜੇ ਨੂੰ ਹੀ ਰਨ ਆਊਟ ਕਰ ਰਹੇ ਹਨ। ਉਨ੍ਹਾਂ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਨੂੰ ਸੱਤਾ ’ਚ ਲਿਆਉਣ ਤਾਂ ਕਿ ਉਹ ਰਾਜਸਥਾਨ ਵਿੱਚ ਭ੍ਰਿਸ਼ਟਾਚਾਰੀਆਂ ਨੂੰ ਆਊਟ ਕਰ ਸਕਣ। -ਪੀਟੀਆਈ