ਪਟਨਾ, 6 ਨਵੰਬਰ
‘ਬਿਹਾਰ ਕੋਕਿਲਾ’ ਦੇ ਨਾਮ ਨਾਲ ਮਕਬੂਲ ਲੋਕ ਗਾਇਕਾ ਸ਼ਾਰਦਾ ਸਿਨਹਾ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਪਟਨਾ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਲੰਮੇ ਸਮੇਂ ਤੋਂ ਖੂਨ ਦੇ ਕੈਂਸਰ ਨਾਲ ਜੂਝ ਰਹੀ ਸ਼ਾਰਦਾ (72) ਦਾ ਮੰਗਲਵਾਰ ਰਾਤ ਨੂੰ ਦਿੱਲੀ ਦੇ ਏਮਸ ਵਿੱਚ ਦੇਹਾਂਤ ਹੋ ਗਿਆ ਸੀ। ਪਟਨਾ ਦੇ ਜ਼ਿਲ੍ਹਾ ਮੈਜਿਸਟਰੇਟ ਚੰਦਰਸ਼ੇਖਰ ਸਿਨਹਾ ਨੇ ਦੱਸਿਆ ਕਿ ਸ਼ਾਰਦਾ ਦੀ ਮ੍ਰਿਤਕ ਦੇਹ ਅੱਜ ਦਿੱਲੀ ਤੋਂ ਪਟਨਾ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਾਰਦਾ ਦੇ ਪਰਿਵਾਰਕ ਮੈਂਬਰਾਂ ਦੀ ਇੱਛਾ ਮੁਤਾਬਕ ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਸਵੇਰੇ ਕਰੀਬ ਨੌਂ ਵਜੇ ਕੀਤਾ ਜਾਵੇਗਾ। ਸ਼ਾਰਦਾ ਦੀ ਮ੍ਰਿਤਕ ਦੇਹ ਪਟਨਾ ਵਿੱਚ ਉਨ੍ਹਾਂ ਦੇ ਰਾਜੇਂਦਰ ਨਗਰ ਸਥਿਤ ਰਿਹਾਇਸ਼ (ਕੰਕੜਬਾਗ ਨੇੜੇ) ਰੱਖੀ ਗਈ ਹੈ ਜਿਥੇ ਪ੍ਰਸ਼ੰਸਕ ਅਤੇ ਸ਼ੁੱਭਚਿੰਤਕ ਲੋਕ ਗਾਇਕਾ ਦੇ ਅੰਤਿਮ ਦਰਸ਼ਨ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਸਕਣਗੇ। ਇਸ ਦੌਰਾਨ ਫ਼ਿਲਮ ਜਗਤ ਨੇ ਵੀ ਲੋਕ ਗਾਇਕਾ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕਰਦਿਆਂ ਸ਼ਰਧਾਂਜਲੀ ਦਿੱਤੀ ਹੈ।