ਸਰਬਜੀਤ ਸਿੰਘ ਭੰਗੂ/ਰਾਜਿੰਦਰ ਜੈਦਕਾ
ਪਟਿਆਲਾ/ਅਮਰਗੜ੍ਹ, 6 ਨਵੰਬਰ
ਬੈਂਕ ਨਾਲ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਈਡੀ ਵੱਲੋਂ ਗ੍ਰਿਫ਼ਤਾਰ ਅਮਰਗੜ੍ਹ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਮਗਰੋਂ ਅੱਜ ਪਟਿਆਲਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਉਹ ਲਗਪਗ ਇੱਕ ਸਾਲ ਤੋਂ ਪਟਿਆਲਾ ਜੇਲ੍ਹ ’ਚ ਬੰਦ ਸਨ।
ਦੇਰ ਸ਼ਾਮੀ ਹੋਈ ਰਿਹਾਈ ਉਪਰੰਤ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਤੇ ਤਰਨਜੀਤ ਸਿੰਘ ਸੌਦ, ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਤੇ ਮਨਵਿੰਦਰ ਸਿੰਘ ਗਿਆਸਪੁਰਾ ਸਮੇਤ ‘ਆਪ’ ਦੇ ਆਗੂਆਂ ਤੇ ਵਰਕਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਵਿਧਾਇਕ ਗੱਜਣਮਾਜਰਾ ਨੂੰ ਪਿਛਲੇ ਸਾਲ 6 ਨਵਬੰਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਪਟਿਆਲਾ ਜੇਲ੍ਹ ਤੋਂ ਰਿਹਾਈ ਮਗਰੋਂ ਵਿਧਾਇਕ ਗੱਜਣਮਾਜਰਾ ਨੇ ਦੂਖਨਿਵਾਰਨ ਗੁਰਦੁਆਰਾ ਸਾਹਿਬ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਦੀ ਪਤਨੀ ਡਾ. ਪਰਮਿੰਦਰ ਕੌਰ ਮੰਡੇਰ ਨੇ ਕਿਹਾ ਕਿ ਸੰਵਿਧਾਨ ਦੀ ਤਾਕਤ ਨਾਲ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੂੰ ਜ਼ਮਾਨਤ ਮਿਲੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਬਿਨਾਂ ਵਜ੍ਹਾ ਜੇਲ੍ਹ ਵਿੱਚ ਬੰਦ ਰੱਖਿਆ ਗਿਆ। ‘ਆਪ’ ਗ਼ਰੀਬ ਲੋਕਾਂ ਨੂੰ ਵਧੀਆ ਸਿੱਖਿਆ ਤੇ ਹੋਰ ਸਹੂਲਤਾਂ ਦੇ ਕੇ ਗ਼ਰੀਬ ਲੋਕਾਂ ਦਾ ਭਵਿੱਖ ਬਦਲ ਰਹੀ ਹੈ। ਜ਼ਮਾਨਤ ਹਰ ਇੱਕ ਦਾ ਹੱਕ ਹੈ। ਜ਼ਮਾਨਤ ਨਿਯਮ ਹੈ ਤੇ ਜੇਲ੍ਹ ਅਪਵਾਦ ਹੈ।
ਚੇਅਰਮੈਨ ਕੇਵਲ ਸਿੰਘ ਜਾਗੋਵਾਲ ਨੇ ਕਿਹਾ ਕਿ ਦੂਸਰੀਆਂ ਪਾਰਟੀਆਂ ਦੇ ਆਗੂ ਗਰੀਬ ਲੋਕਾਂ ਦੀ ਤਰੱਕੀ ਨਹੀਂ ਚਾਹੁੰਦੇ। ਦੇਸ਼ ਦੀ ਬਹੁਤ ਸਾਰੇ ਲੀਡਰਾਂ ਨੂੰ ਕੇਂਦਰ ਸਰਕਾਰ ਦੀ ਸਹਿ ’ਤੇ ਨਾਜਾਇਜ਼ ਜੇਲ੍ਹਾਂ ਵਿਚ ਬੰਦ ਰੱਖਿਆ ਹੋਇਆ ਹੈ। ਕੇਂਦਰੀ ਜਾਂਚ ਏਜੰਸੀਆਂ ਬਿਨਾਂ ਵਜ੍ਹਾ ਜਾਂਚ ਵਿਚ ਦੇਰੀ ਕਰਕੇ ਮੁਕੱਦਮਾ ਸ਼ੁਰੂ ਨਹੀਂ ਕਰਦੀਆਂ ਤੇ ਨਾ ਹੀ ਜਾਂਚ ਪੂਰੀ ਕਰਦੀਆਂ ਹਨ। ਕੋਈ ਗੁਨਾਹ ਸਾਬਤ ਹੋਣ ਤੋਂ ਬਿਨਾਂ ਹੀ ਆਗੂਆਂ ਨੂੰ ਜੇਲ੍ਹ ਰਹਿਣਾ ਪੈਂਦਾ ਹੈ। ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਤੇ ਹੋਰ ਆਗੂਆਂ ਨੂੰ ਵੀ ਬਿਨਾਂ ਮੁਕੱਦਮੇ ਚਲਾਏ ਜੇਲ੍ਹ ਵਿਚ ਰੱਖਿਆ ਗਿਆ।
ਇਸ ਮੌਕੇ ਪੀਏ ਰਾਜੀਵ ਕੁਮਾਰ, ਸਰਪੰਚ ਨਰੇਸ਼ ਕੁਮਾਰ ਨਾਰੀਕੇ, ਰੂਬੀ ਮੰਡੇਰ ਭੁਰਥਲਾ, ਅਮਰਇੰਦਰ ਸਿੰਘ ਚੌਂਦਾ, ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ ਅਮਰਗੜ੍ਹ, ਗੁਰਸੇਵਕ ਸਿੰਘ ਗੁਆਰਾ, ਸਰਪੰਚ ਜਸਵੀਰ ਸਿੰਘ ਰੋਸ਼ੀ ਤੋਲੇਵਾਲ, ਸਰਪੰਚ ਅਮ੍ਰਿਤ ਸਿੰਘ ਚੌਂਦਾ, ਸਰਪੰਚ ਪ੍ਰਵਦੀਪ ਸਿੰਘ ਬੱਬਰ ਬਾਗੜੀਆਂ, ਸਰਪੰਚ ਗੁਰਮੀਤ ਕੌਰ ਗੁਆਰਾ, ਸਰਪੰਚ ਕੁਲਵਿੰਦਰ ਕੌਰ ਜਾਗੋਵਾਲ, ਸਰਪੰਚ ਮੇਵਾ ਸਿੰਘ ਬੁਰਜ ਬਘੇਲ ਸਿੰਘ ਵਾਲਾ, ਸਰਪੰਚ ਮਨਪ੍ਰੀਤ ਸਿੰਘ ਮਨੀ ਨੰਗਲ, ਆਪ ਆਗੂ ਅਸ਼ਵਨੀ ਸ਼ਰਮਾ, ਨੰਬਰਦਾਰ ਜਗਦੀਪ ਸਿੰਘ ਕਾਲਾ, ਸੰਦੀਪ ਸਿੰਘ ਸਲਾਰ, ਸਰਪੰਚ ਬਲਬੀਰ ਸਿੰਘ ਬਾਠਾਂ, ਜਸਵਿੰਦਰ ਸਿੰਘ ਜੱਸੀ ਬਾਗੜੀਆਂ, ਜਸਵੰਤ ਸਿੰਘ ਨਿਰਮਾਣ. ਬਲਜਿੰਦਰ ਸਿੰਘ ਹੁਸੈਨਪੁਰਾ, ਬਿੱਟੂ ਬਨਭੌਰਾ, ਕਰਮਜੀਤ ਬਾਠਾਂ, ਤਰਸੇਮ ਸੰਗਾਲਾ, ਰਾਜਿੰਦਰ ਹੈਪੀ, ਐਮ ਸੀ ਸ਼ਰਧਾ ਰਾਮ ਆਦਿ ਨੇ ਵੀ ਸ੍ਰੀ ਗੱਜਣਮਾਜਰਾ ਨੂੰ ਜ਼ਮਾਨਤ ਮਿਲਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।