ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 30 ਅਕਤੂਬਰ
Lawrence Bishnoi: ਪੰਜਾਬ, ਮੁੰਬਈ ਅਤੇ ਕੈਨੇਡਾ ਵਿੱਚ ਕਤਲ ਸਮੇਤ 85 ਮਾਮਲਿਆਂ ਵਿੱਚ ਨਾਮਜ਼ਦ ਗੈਂਗਸਟਰ ਲਾਰੈਂਸ ਬਿਸ਼ਨੋਈ(Lawrence Bishnoi) ਨੂੰ ਸਰਬਸੰਮਤੀ ਨਾਲ ਆਲ ਇੰਡੀਆ ਬਿਸ਼ਨੋਈ ਪਸ਼ੂ ਸੁਰੱਖਿਆ ਸਮਾਜ ਦੇ ਯੂਥ ਵਿੰਗ ਮੁਖੀ ਦਾ ਚੁਣ ਲਿਆ ਗਿਆ ਹੈ। ਮੰਗਲਵਾਰ ਸ਼ਾਮ ਨੂੰ ਅਬੋਹਰ ਵਿੱਚ ਬਿਸ਼ਨੋਈ ਸਮਾਜ ਦੀ ਇਕ ਮੀਟਿੰਗ ਵਿੱਚ ਉਸ ਦੀ ਚੋਣ ਕੀਤੀ ਗਈ।
ਬਿਸ਼ਨੋਈ ਸਮਾਜ ਦੇ ਮੁਖੀ ਇੰਦਰਪਾਲ ਬਿਸ਼ਨੋਈ ਵੱਲੋਂ ਜਾਰੀ ਨਿਯੁਕਤੀ ਸਰਟੀਫਿਕੇਟ ਦੇ ਅਨੁਸਾਰ ਲਾਰੈਂਸ(Lawrence Bishnoi) ਨੂੰ ਬਿਸ਼ਨੋਈ ਸਮਾਜ ਦੇ ਸਿਧਾਂਤਾਂ ਦੇ ਅਨੁਸਾਰ ਜਾਨਵਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ। ਲਾਰੈਂਸ ਦੇ ਚਾਚਾ ਰਮੇਸ਼ ਬਿਸ਼ਨੋਈ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਬਿਸ਼ਨੋਈ ਭਾਈਚਾਰੇ ਨੇ ਵਿਸ਼ੇਸ਼ ਤੌਰ ’ਤੇ ਲਾਰੈਂਸ(Lawrence Bishnoi) ਦੀ ਨਿਯੁਕਤੀ ਦੀ ਮੰਗ ਕੀਤੀ ਸੀ।
ਸਰਟੀਫਿਕੇਟ ਵਿੱਚ ਕਿਹਾ ਗਿਆ ਹੈ ਕਿ ਜਾਨਵਰਾਂ ਅਤੇ ਵਾਤਾਵਰਣ ਦੀ ਸੁਰੱਖਿਆ ਦੇ ਕੰਮ ਅਤੇ ਜ਼ਿੰਮੇਵਾਰੀ ਨੂੰ ਅੱਗੇ ਵਧਾਉਣਾ ਰਾਸ਼ਟਰੀ ਮੁਖੀ ਵਜੋਂ ਉਨ੍ਹਾਂ ਦੀ ਜ਼ਿੰਮੇਵਾਰੀ ਹੋਵੇਗੀ। ਉਹ ਅਮ੍ਰਿਤਾ ਦੇਵੀ ਅਤੇ 363 ਬਿਸ਼ਨੋਈਆਂ ਦੀ ਵਿਰਾਸਤ ਦੀ ਰੱਖਿਆ ਕਰਨਗੇ, ਜਿਨ੍ਹਾਂ ਨੇ 18ਵੀਂ ਸਦੀ ਵਿਚ ਰਾਜਸਥਾਨ ਵਿੱਚ ਖਿਜਾਰੀ ਦੇ ਰੁੱਖਾਂ ਨੂੰ ਬਚਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ।
ਲਾਰੇਂਸ ਬਿਸ਼ਨੋਈ ਦਾ ਨਿਯੁਕਤੀ ਪੱਤਰ:-
ਲਾਰੈਂਸ ਇਸ ਸਮੇਂ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ। ਉਸ ਦੀ ਉਮਰ ਕਰੀਬ 33 ਸਾਲ ਹੈ ਅਤੇ ਉਹ ਅਬੋਹਰ ਦੇ ਪਿੰਡ ਦੁਤਰਾਂਵਾਲੀ ਦਾ ਰਹਿਣ ਵਾਲਾ ਹੈ।
ਲਾਰੈਂਸ ਬਿਸ਼ਨੋਈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਖ ਦੋਸ਼ੀ ਅਤੇ ਮੁੰਬਈ ਦੇ ਸਿਆਸਤਦਾਨ ਬਾਬਾ ਸਿੱਦੀਕੀ ਦੀ ਹੱਤਿਆ ਦਾ ਮੁੱਖ ਸ਼ੱਕੀ ਹੈ। ਕੈਨੇਡਾ ਪੁਲੀਸ ਨੇ ਪਿਛਲੇ ਸਾਲ ਸਰੀ ਵਿੱਚ ਖਾਲਿਸਤਾਨੀ ਆਗੂ ਹਰਦੀਪ ਨਿੱਝਰ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਰੈਂਸ ਬਿਸ਼ਨੋਈ ’ਤੇ ਲਾਇਆ ਹੈ।