ਦੀਰ ਅਲ-ਬਾਲਾਹ, 4 ਦਸੰਬਰ
ਇਜ਼ਰਾਇਲੀ ਫ਼ੌਜ ਨੇ ਖ਼ਾਨ ਯੂਨਿਸ ਦੇ ਆਲੇ-ਦੁਆਲੇ ਦੇ ਕਰੀਬ ਦੋ ਦਰਜਨ ਇਲਾਕਿਆਂ ਦੇ ਲੋਕਾਂ ਨੂੰ ਹੋਰ ਥਾਵਾਂ ਵੱਲ ਜਾਣ ਦੇ ਹੁਕਮ ਦਿੱਤੇ ਹਨ। ਇਜ਼ਰਾਈਲ ਨੇ ਗਾਜ਼ਾ ਪੱਟੀ ’ਚ ਹਮਲਿਆਂ ਦਾ ਘੇਰਾ ਵਧਾਉਂਦਿਆਂ ਜ਼ਮੀਨੀ ਅਤੇ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ। ਗਾਜ਼ਾ ’ਚ ਲੋਕਾਂ ਲਈ ਹੁਣ ਕੋਈ ਵੀ ਸੁਰੱਖਿਅਤ ਇਲਾਕਾ ਨਹੀਂ ਰਿਹਾ ਹੈ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਹ ਕਿਧਰ ਜਾਣ ਕਿਉਂਕਿ ਇਜ਼ਰਾਈਲ ਨੇ ਪਹਿਲਾਂ ਉਨ੍ਹਾਂ ਨੂੰ ਉੱਤਰ ਤੋਂ ਦੱਖਣ ਵੱਲ ਜਾਣ ਲਈ ਆਖਿਆ ਸੀ ਪਰ ਹੁਣ ਦੱਖਣ ’ਚ ਵੀ ਹਮਲੇ ਕੀਤੇ ਜਾ ਰਹੇ ਹਨ। ਇਕ ਹਫ਼ਤੇ ਤੱਕ ਚੱਲੇ ਜੰਗਬੰਦੀ ਦੇ ਅਮਲ ਮਗਰੋਂ ਇਜ਼ਰਾਈਲ ਨੇ ਗਾਜ਼ਾ ’ਚ ਹਮਾਸ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਜ਼ੋਰਦਾਰ ਹਮਲੇ ਸ਼ੁਰੂ ਕੀਤੇ ਹਨ। ਅਮਰੀਕਾ ਸਮੇਤ ਹੋਰ ਮੁਲਕਾਂ ਵੱਲੋਂ ਜੰਗਬੰਦੀ ਲਈ ਪਾਏ ਜਾ ਰਹੇ ਦਬਾਅ ਦਰਮਿਆਨ ਇੰਜ ਜਾਪਦਾ ਹੈ ਕਿ ਇਜ਼ਰਾਈਲ ਹਮਾਸ ਦਾ ਨਾਮੋ-ਨਿਸ਼ਾਨ ਮਿਟਾ ਦੇਣ ਦੀਆਂ ਕੋਸ਼ਿਸ਼ਾਂ ’ਚ ਹੈ ਪਰ ਜੰਗ ਦੌਰਾਨ ਮੌਤਾਂ ਦੀ ਲਗਾਤਾਰ ਵਧ ਰਹੀ ਗਿਣਤੀ ਨੂੰ ਦੇਖਦਿਆਂ ਉਸ ’ਤੇ ਵਾਰਤਾ ਸ਼ੁਰੂ ਕਰਨ ਲਈ ਦਬਾਅ ਬਣ ਰਿਹਾ ਹੈ। ਚਾਰ ਬੱਚਿਆਂ ਦੀ ਮਾਂ ਹਲੀਮਾ ਅਬਦਲ-ਰਹਿਮਾਨ ਨੇ ਕਿਹਾ ਕਿ ਉਹ ਇਲਾਕਾ ਖਾਲੀ ਕਰਨ ਦੇ ਹੁਕਮ ਨਹੀਂ । ਉਸ ਨੇ ਕਿਹਾ ਕਿ ਇਜ਼ਰਾਈਲ ਚਾਹੁੰਦਾ ਹੈ ਕਿ ਲੋਕ ਇਲਾਕਾ ਖਾਲੀ ਕਰ ਦੇਣ ਤਾਂ ਜੋ ਉਹ ਉਥੇ ਬੰਬਾਰੀ ਕਰ ਸਕੇ। ਉਸ ਨੇ ਕਿਹਾ ਕਿ ਹਕੀਕਤ ਇਹ ਹੈ ਕਿ ਗਾਜ਼ਾ ’ਚ ਕੋਈ ਵੀ ਸੁਰੱਖਿਅਤ ਨਹੀਂ ਹੈ। ‘ਪਹਿਲਾਂ ਉਨ੍ਹਾਂ ਉੱਤਰ ’ਚ ਲੋਕਾਂ ਨੂੰ ਮਾਰਿਆ ਅਤੇ ਹੁਣ ਉਹ ਦੱਖਣ ’ਚ ਲੋਕਾਂ ਦੀ ਜਾਨ ਲੈਣਾ ਚਾਹੁੰਦੇ ਹਨ।’ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਹੁਣ ਤੱਕ ਇਜ਼ਰਾਇਲੀ ਫ਼ੌਜ ਦੇ ਹਮਲੇ ’ਚ 15,500 ਫਲਸਤੀਨੀ ਮਾਰੇ ਅਤੇ 41 ਹਜ਼ਾਰ ਤੋਂ ਵਧ ਜ਼ਖ਼ਮੀ ਹੋ ਚੁੱਕੇ ਹਨ। ਫਲਸਤੀਨੀ ਸਿਵਲ ਡਿਫੈਂਸ ਵਿਭਾਗ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਸੋਮਵਾਰ ਤੜਕੇ ਕੀਤੇ ਗਏ ਹਮਲੇ ’ਚ ਗਾਜ਼ਾ ਸ਼ਹਿਰ ’ਚ ਤਿੰਨ ਬਚਾਅ ਕਰਮੀ ਮਾਰੇ ਗਏ। ਫਲਸਤੀਨੀ ਰੈੱਡ ਕ੍ਰਿਸੈਂਟ ਨੇ ਕਿਹਾ ਕਿ ਜਬਾਲੀਆ ਸ਼ਰਨਾਰਥੀ ਕੈਂਪ ’ਤੇ ਹਮਲੇ ’ਚ ਉਸ ਦੇ ਇਕ ਵਾਲੰਟੀਅਰ ਦੀ ਵੀ ਮੌਤ ਹੋ ਗਈ ਹੈ। -ਏਪੀ
ਭ੍ਰਿਸ਼ਟਾਚਾਰ ਮਾਮਲੇ ’ਚ ਨੇਤਨਯਾਹੂ ਖ਼ਿਲਾਫ਼ ਕੇਸ ਦੀ ਸੁਣਵਾਈ ਅੱਜ
ਯੇਰੂਸ਼ਲਮ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਇਥੋਂ ਦੀ ਜ਼ਿਲ੍ਹਾ ਅਦਾਲਤ ਭਲਕੇ ਮੁੜ ਤੋਂ ਸੁਣਵਾਈ ਸ਼ੁਰੂ ਕਰੇਗੀ। ਇਜ਼ਰਾਈਲ-ਹਮਾਸ ਜੰਗ ਕਾਰਨ ਕੇਸ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਸੀ। ਨੇਤਨਯਾਹੂ ’ਤੇ ਦੋਸ਼ ਹੈ ਕਿ ਬੈਜ਼ੇਕ ਦੀ ਮਾਲਕੀ ਵਾਲੀ ਵੱਲਾ ਵੈੱਬਸਾਈਟ ’ਤੇ ਉਨ੍ਹਾਂ ਆਪਣੇ ਪੱਖ ’ਚ ਮੀਡੀਆ ਕਵਰੇਜ ਦੇ ਬਦਲੇ ਬੈਜ਼ੇਕ ਟੈਲੀਕਮਿਊਨਿਕੇਸ਼ਨਜ਼ ਲਈ ਲਾਭਕਾਰੀ ਰੈਗੂਲੇਟਰੀ ਕਦਮ ਚੁੱਕੇ ਸਨ। ਜੂਨ ’ਚ ਤਿੰਨ ਜੱਜਾਂ ਨੇ ਸਿਫ਼ਾਰਸ਼ ਕੀਤੀ ਸੀ ਕਿ ਇਸਤਗਾਸਾ ਧਿਰ ਰਿਸ਼ਵਤਖੋਰੀ ਦੇ ਦੋਸ਼ ਵਾਪਸ ਲੈ ਲਵੇ ਪਰ ਉਨ੍ਹਾਂ ਕੇਸ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਾਮਲੇ ’ਚ ਆਖਰੀ ਸੁਣਵਾਈ 20 ਸਤੰਬਰ ਨੂੰ ਹੋਈ ਸੀ। ਨੇਤਨਯਾਹੂ ਖ਼ਿਲਾਫ਼ ਦੋ ਹੋਰ ਕੇਸ ਚੱਲ ਰਹੇ ਹਨ ਜਿਨ੍ਹਾਂ ’ਚੋਂ ਇਕ ਅਰਬਪਤੀ ਤੋਂ ਕਥਿਤ ਤੌਰ ’ਤੇ ਤੋਹਫ਼ੇ ਲੈਣ ਦਾ ਵੀ ਮਾਮਲਾ ਵੀ ਸ਼ਾਮਲ ਹੈ। -ਪੀਟੀਆਈ
ਡਾਕਟਰਜ਼ ਵਿਦਾਊਟ ਬਾਰਡਰਜ਼ ਵੱਲੋਂ ਗਾਜ਼ਾ ’ਚ ਸਥਾਈ ਜੰਗਬੰਦੀ ਦਾ ਹੋਕਾ
ਨਿਊਯਾਰਕ: ਡਾਕਟਰਾਂ ਦੀ ਆਲਮੀ ਜਥੇਬੰਦੀ ਡਾਕਟਰਜ਼ ਵਿਦਾਊਟ ਬਾਰਡਰਜ਼ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੂੰ ਅਪੀਲ ਕੀਤੀ ਹੈ ਕਿ ਗਾਜ਼ਾ ਪੱਟੀ ’ਚ ਸਥਾਈ ਅਤੇ ਫੌਰੀ ਜੰਗਬੰਦੀ ਲਈ ਉਹ ਆਪਣੀਆਂ ਤਾਕਤਾਂ ਦੀ ਪੂਰੀ ਵਰਤੋਂ ਕਰੇ। ਸਲਾਮਤੀ ਕੌਂਸਲ ਨੂੰ ਲਿਖੇ ਖੁੱਲ੍ਹੇ ਪੱਤਰ ’ਚ ਜਥੇਬੰਦੀ ਦੇ ਕੌਮਾਂਤਰੀ ਪ੍ਰਧਾਨ ਕ੍ਰਿਸਟੋਸ ਕ੍ਰਿਸਟੋਊ ਨੇ ਕਿਹਾ ਕਿ ਇਕ ਹਫ਼ਤੇ ਦੀ ਜੰਗਬੰਦੀ ਨਾਲ ਗਾਜ਼ਾ ਦੇ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਸੀ ਪਰ ਉਨ੍ਹਾਂ ਕੋਲ ਲੋੜੀਂਦੀ ਸਮੱਗਰੀ ਬਹੁਤ ਹੀ ਘੱਟ ਪਹੁੰਚ ਸਕੀ ਹੈ। ਉਨ੍ਹਾਂ ਗਾਜ਼ਾ ਦੇ ਮੌਜੂਦਾ ਹਾਲਾਤ ਅਤੇ ਉਥੋਂ ਦੀ ਸਿਹਤ ਸੰਭਾਲ ਪ੍ਰਣਾਲੀ ਦੇ ਲਗਾਤਾਰ ਡਿੱਗਦੇ ਮਿਆਰ ਵੱਲ ਵੀ ਸੰਯੁਕਤ ਰਾਸ਼ਟਰ ਦਾ ਧਿਆਨ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਚਾਰ ਵਰਕਰ ਹਮਲਿਆਂ ’ਚ ਮਾਰੇ ਜਾ ਚੁੱਕੇ ਹਨ ਜਦਕਿ ਉਨ੍ਹਾਂ ਦੇ ਪਰਿਵਾਰ ਦੇ ਵੀ ਕਈ ਮੈਂਬਰ ਹਲਾਕ ਹੋ ਚੁੱਕੇ ਹਨ। -ਪੀਟੀਆਈ