ਨਵੀਂ ਦਿੱਲੀ, 26 ਜੂਨ
ਮੁੱਖ ਅੰਸ਼
- ਬੈਠਕ ਵਿੱਚ ਨਿਰਮਲਾ ਸੀਤਾਰਾਮਨ, ਹਰਦੀਪ ਪੁਰੀ ਤੇ ਹੋਰ ਸੀਨੀਅਰ ਅਧਿਕਾਰੀ ਹੋਏ ਸ਼ਾਮਲ
ਅਮਰੀਕਾ ਤੇ ਮਿਸਰ ਦੇ ਸਰਕਾਰੀ ਦੌਰੇ ਤੋਂ ਪਰਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਨੀਪੁਰ ਦੇ ਮੌਜੂਦਾ ਹਾਲਾਤ ਬਾਰੇ ਚਰਚਾ ਲਈ ਉੱਚ ਪੱਧਰੀ ਬੈਠਕ ਕੀਤੀ। ਬੈਠਕ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਾਮਨ, ਹਰਦੀਪ ਸਿੰਘ ਪੁਰੀ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਬੈਠਕ ਵਿੱਚ ਸ਼ਾਹ ਨੇ ਸ੍ਰੀ ਮੋਦੀ ਨੂੰ ਮਨੀਪੁਰ ਦੇ ਮੌਜੂਦਾ ਹਾਲਾਤ ਅਤੇ ਸੂਬਾ ਸਰਕਾਰ ਤੇ ਕੇਂਦਰ ਵੱਲੋਂ ਹਿੰਸਾ ਦੇ ਝੰਬੇ ਸੂੁਬੇ ਵਿੱਚ ਅਮਨ ਦੀ ਬਹਾਲੀ ਲਈ ਕੀਤੇ ਯਤਨਾਂ ਬਾਰੇ ਦੱਸਿਆ। ਸ੍ਰੀ ਮੋਦੀ ਅਮਰੀਕਾ ਤੇ ਮਿਸਰ ਦੀ ਪੰਜ ਰੋਜ਼ਾ ਫੇਰੀ ਤੋਂ ਅੱਜ ਸਵੇਰੇ ਹੀ ਪਰਤੇ ਸਨ।
ਪ੍ਰਧਾਨ ਮੰਤਰੀ ਨੇ ਉੱਚ ਪੱਧਰੀ ਬੈਠਕ ਵਿੱਚ ਮਨੀਪੁਰ ਮੁੱਦੇ ‘ਤੇ ਚਰਚਾ ਅਜਿਹੇ ਮੌਕੇ ਕੀਤੀ ਹੈ, ਜਦੋਂ ਕਾਂਗਰਸ ਸਣੇ ਹੋਰਨਾਂ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਸ੍ਰੀ ਮੋਦੀ ਦੀ ਖਾਮੋੋਸ਼ੀ ‘ਤੇ ਸਵਾਲ ਚੁੱਕੇ ਜਾ ਰਹੇ ਹਨ। ਚੇਤੇ ਰਹੇ ਕਿ ਮਨੀਪੁਰ ਦੇ ਮੁੱਖ ਮੰਤਰੀ ਐੱਨ.ਬੀਰੇਨ ਸਿੰਘ ਨੇ ਲੰਘੇ ਦਿਨ ਨਵੀਂ ਦਿੱਲੀ ਵਿੱਚ ਅਮਿਤ ਸ਼ਾਹ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕਰਕੇ ਸੂਬੇ ਦੇ ਮੌਜੂਦਾ ਹਾਲਾਤ ਬਾਰੇ ਉਨ੍ਹਾਂ ਨੂੰ ਇਕ ਰਿਪੋਰਟ ਸੌਂਪੀ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਾਹ ਨੂੰ ਦੱਸਿਆ ਸੀ ਕਿ ਸੂਬਾ ਤੇ ਕੇਂਦਰ ਸਰਕਾਰਾਂ ਕਾਫ਼ੀ ਹੱਦ ਤੱਕ ਹਿੰਸਾ ਨੂੰ ਕਾਬੂ ਕਰਨ ਵਿੱਚ ਸਫ਼ਲ ਰਹੀਆਂ ਹਨ। ਉਧਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸ਼ਨਿੱਚਰਵਾਰ ਨੂੰ ਸਰਬ ਪਾਰਟੀ ਮੀਟਿੰਗ ਸੱਦ ਕੇ ਸਰਕਾਰ ਵੱਲੋਂ ਮਨੀਪੁਰ ਵਿੱਚ ਅਮਨ ਬਹਾਲੀ ਲਈ ‘ਸਮੇਂ ਸਿਰ ਕੀਤੀ ਕਾਰਵਾਈ’ ਤੋਂ ਜਾਣੂ ਕਰਵਾਇਆ ਸੀ। ਮੀਟਿੰਗ ਵਿੱਚ 18 ਸਿਆਸੀ ਪਾਰਟੀਆਂ ਦੇ ਆਗੂ ਸ਼ਾਮਲ ਹੋਏ ਸਨ।
ਪ੍ਰਧਾਨ ਮੰਤਰੀ ਮੋਦੀ ਸਭ ਤੋਂ ਪਹਿਲਾਂ ਮਨੀਪੁਰ ਦੇ ਮੁੱਖ ਮੰਤਰੀ ਨੂੰ ਲਾਂਭੇ ਕਰਨ: ਖੜਗੇ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮਨੀਪੁਰ ਹਿੰਸਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ‘ਤੇ ਅੱਜ ਮੁੜ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜੇਕਰ ਸੱਚਮੁੱਚ ਮਨੀਪੁਰ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਫ਼ਿਕਰਮੰਦ ਹਨ, ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਮੁੱਖ ਮੰਤਰੀ ਐੱਮ.ਬੀਰੇਨ ਸਿੰਘ ਨੂੰ ਅਹੁਦੇ ਤੋਂ ਲਾਂਭੇ ਕਰਨ। ਖੜਗੇ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਮਨੀਪੁਰ ਦੇ ਹਾਲਾਤ ਨੂੰ ਲੈ ਕੇ ਆਪਣੀਆਂ ਨਾਕਾਮੀਆਂ ‘ਤੇ ਪਰਦਾ ਪਾਉਣ ਲਈ ਜਿੰਨਾ ਮਰਜ਼ੀ ਪ੍ਰਚਾਰ ਕਰ ਲਏ, ਪਰ ਇਸ ਨਾਲ ਕੋਈ ਫਾਇਦਾ ਨਹੀਂ ਹੋਣਾ। ਖੜਗੇ ਨੇ ਕਿਹਾ ਕਿ ਰਿਪੋਰਟਾਂ ਤੋਂ ਸੰਕੇਤ ਮਿਲੇ ਹਨ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਖੀਰ ਨੂੰ ਮਨੀਪੁਰ ਹਾਲਾਤ ਬਾਰੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ, ”ਪਿਛਲੇ 55 ਦਿਨਾਂ ਤੋਂ ਮੋਦੀ ਜੀ ਨੇ ਮਨੀਪੁਰ ਬਾਰੇ ਇਕ ਸ਼ਬਦ ਨਹੀਂ ਬੋਲਿਆ। ਹਰੇਕ ਭਾਰਤੀ ਉਨ੍ਹਾਂ ਦੇ ਬੋਲਣ ਦੀ ਉਡੀਕ ਕਰ ਰਿਹਾ ਹੈ। ਜੇਕਰ ਮੋਦੀ ਜੀ ਮਨੀਪੁਰ ਬਾਰੇ ਸੱਚਮੁੱਚ ਚਿੰਤਤ ਹਨ ਤਾਂ ਸਭ ਤੋਂ ਪਹਿਲਾ ਕੰਮ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਲਾਂਭੇ ਕਰਨ।” ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਦੀ ਮਦਦ ਨਾਲ ਸੜਕਾਂ ‘ਤੇ ਲਾਈਆਂ ਰੋਕਾਂ ਹਟਾਈਆਂ ਜਾਣ ਤੇ ਮਨੀਪੁਰ ਤੱਕ ਜ਼ਰੂਰੀ ਵਸਤਾਂ ਦੀ ਉਪਲੱਬਧਤਾ ਯਕੀਨੀ ਬਣਾਈ ਜਾਵੇ। ਬਿਨਾਂ ਕਿਸੇ ਦੇਰੀ ਦੇ ਮਨੀਪੁਰ ਦੇ ਲੋਕਾਂ ਲਈ ਰਾਹਤ ਪੈਕੇਜ, ਮੁੜ ਵਸੇਬੇ ਤੇ ਰੋਜ਼ੀ-ਰੋਟੀ ਦਾ ਪ੍ਰਬੰਧ ਕੀਤਾ ਜਾਵੇ। ਇਸ ਦੌਰਾਨ ਪਾਰਟੀ ਦੇ ਸਕੱਤਰ ਜਨਰਲ ਜੈਰਾਮ ਰਮੇਸ਼ ਨੇ ਵੀ ਮਨੀਪੁਰ ਆਦਿਵਾਸੀ ਫੋਰਮ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਮੈਂਬਰਾਂ ਨੇ ਰਮੇਸ਼ ਨੂੰ ਯਾਦ ਪੱਤਰ ਵੀ ਦਿੱਤਾ। -ਪੀਟੀਆਈ
ਮਨੀਪੁਰ ਵਿੱਚ ਤਲਾਸ਼ੀ ਮੁਹਿੰਮ ਦੌਰਾਨ 12 ਬੰਕਰ ਤਬਾਹ
ਇੰਫਾਲ: ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਦੌਰਾਨ ਹਿੰਸਾ ਦੇ ਝੰਬੇ ਮਨੀਪੁਰ ਵਿਚ ਪਿਛਲੇ 24 ਘੰਟਿਆਂ ਦੌਰਾਨ 12 ਬੰਕਰ ਤਬਾਹ ਕਰਨ ਤੇ ਛੇ ਮੋਰਟਾਰ ਕਬਜ਼ੇ ਵਿਚ ਲੈਣ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਕਿਹਾ ਕਿ ਐਤਵਾਰ ਰਾਤ ਨੂੰ ਤਾਮੇਂਗਲੌਂਗ, ਇੰਫਾਲ ਪੂਰਬੀ, ਬਿਸ਼ਨੂਪੁਰ, ਕਾਂਗਪੋਕਪੀ, ਕਾਕਚਿੰਗ ਤੇ ਚੂਰਾਚਾਂਦਪੁਰ ਜ਼ਿਲ੍ਹਿਆਂ ਵਿਚ ਵਿੱਢੀ ਤਲਾਸ਼ੀ ਮੁਹਿੰਮ ਦੌਰਾਨ 12 ਬੰਕਰ ਤਬਾਹ ਕੀਤੇ ਗਏ ਹਨ। ਪੁਲੀਸ ਨੇ ਕਿਹਾ, ”ਹਾਲਾਤ ਤਣਾਅਪੂਰਨ, ਪਰ ਕਾਬੂ ਹੇਠ ਹਨ…ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ ਰਿਪੋਰਟ ਹੋਈਆਂ ਹਨ। ਤਲਾਸ਼ੀ ਮੁਹਿੰਮ ਦੌਰਾਨ ਸਾਹੁਮਫਾਈ ਵਿੱਚ ਝੋਨੇ ਦੇ ਖੇਤ ‘ਚੋਂ 51 ਐੱਮਐੱਮ ਦੇ ਤਿੰਨ ਤੇ ਇੰਨੇ ਹੀ 84 ਐੱਮਐੱਮ ਦੇ ਮੋਰਟਾਰ ਮਿਲੇ ਤੇ ਬਿਸ਼ਨੂਪਰ ਜ਼ਿਲ੍ਹੇ ਵਿੱਚ ਕਾਂਗਵਾਈ ਤੇ ਐੱਸ.ਕੋਟਲਿਆਨ ਪਿੰਡਾਂ ਨੇੜਿਓਂ ਬਾਰੂਦੀ ਸੁਰੰਗ ਮਿਲੀ ਹੈ, ਜਿਸ ਨੂੰ ਬੰਬ ਨਿਰੋਧਕ ਦਸਤੇ ਨੇ ਮੌਕੇ ‘ਤੇ ਹੀ ਨਕਾਰਾ ਕਰ ਦਿੱਤਾ। -ਪੀਟੀਆਈ
ਸ਼ਾਹ ਮਨੀਪੁਰ ਵਿੱਚ ਹਿੰਸਾ ਦੇ ਬਦਲਦੇ ਖਾਸੇ ਤੋਂ ਚਿੰਤਤ: ਬੀਰੇਨ
ਇੰਫਾਲ: ਮਨੀਪੁਰ ਦੇ ਮੁੱਖ ਮੰਤਰੀ ਐੱਨ.ਬੀਰੇਨ ਸਿੰਘ ਨੇ ਅੱਜ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਤਰ-ਪੂਰਬੀ ਰਾਜ ਵਿੱਚ ਹਿੰਸਾ ਦੇ ਬਦਲਦੇ ਖਾਸੇ ਨੂੰ ਲੈ ਕੇ ਫਿਕਰ ਜਤਾਇਆ ਹੈ। ਸਿੰਘ ਐਤਵਾਰ ਨੂੰ ਨਵੀਂ ਦਿੱਲੀ ਵਿੱਚ ਸ਼ਾਹ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਮਿਲੇ ਸਨ। ਮੁੱਖ ਮੰਤਰੀ ਨੇ ਕਿਹਾ, ”ਅਮਿਤ ਸ਼ਾਹ ਜੀ ਮਨੀਪੁਰ ਦੇ ਪਹਾੜੀ ਜ਼ਿਲ੍ਹਿਆਂ ਵਿੱਚ ਹਿੰਸਾ ਦੇ ਬਦਲਦੇ ਖਾਸੇ ਤੋਂ ਚਿੰਤਤ ਹਨ।” ਸਿੰਘ ਨੇ ਕਿਹਾ ਕਿ ਉਨ੍ਹਾਂ ਮਨੀਪੁਰ ਵਿੱਚ ਅਮਨ ਦੀ ਬਹਾਲੀ ਤੇ ਹਾਲਾਤ ਆਮ ਵਾਂਗ ਕਰਨ ਲਈ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਰਿਪੋਰਟ ਕੇਂਦਰ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਹੈ।