ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਅਗਸਤ
ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਅੱਜ ਕਿਹਾ ਕਿ ਪੀਜੀਆਈ ਚੰਡੀਗੜ੍ਹ ਵਿਚ ਵੱਧਦੀ ਮਰੀਜ਼ਾਂ ਦੀ ਗਿਣਤੀ ਇਸ ਸੰਸਥਾਨ ਪ੍ਰਤੀ ਲੋਕਾਂ ਦੇ ਵਿਸ਼ਵਾਸ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਤਾ ਹੈ ਕਿ ਇਥੇ ਚੰਗਾ ਇਲਾਜ ਮਿਲੇਗਾ, ਜਿਸ ਕਰਕੇ ਉਹ ਪੀਜੀਆਈ ਦਾ ਰੁਖ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਠੀਕ ਇਸੇ ਤਰ੍ਹਾਂ ਭਾਰਤੀ ਨਿਆਂ ਪ੍ਰਣਾਲੀ ਉੱਤੇ ਵੀ ਲੋਕਾਂ ਦਾ ਵਿਸ਼ਵਾਸ ਹੈ, ਜਿਸ ਕਰਕੇ ਕੇਸਾਂ ਦੀ ਗਿਣਤੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਚੀਫ ਜਸਟਿਸ ਚੰਦਰਚੂੜ ਪੀਜੀਆਈ ਦੇ 37ਵੇਂ ਕਾਨਵੋਕੇਸ਼ਨ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮਗਰੋਂ ਉਹ ‘ਦਿ ਲੀਡਰਸ਼ਿਪ ਆਫ਼ ਟੈਕਨਾਲੋਜੀ ਇਨ ਇੰਡੀਅਨ ਕੋਰਟ’ ਵਿਸ਼ੇ ’ਤੇ ਕੌਮੀ ਸਮਾਗਮ ਵਿਚ ਵੀ ਸ਼ਾਮਲ ਹੋਏ।
ਚੀਫ ਜਸਟਿਸ ਨੇ ਕਿਹਾ ਕਿ ਅਦਾਲਤੀ ਫੈਸਲੇ ਅੰਗਰੇਜ਼ੀ ਵਿਚ ਹੁੰਦੇ ਹਨ ਤੇ ਕਈ ਵਾਰ ਆਮ ਆਦਮੀ ਇਸ ਭਾਸ਼ਾ ਨੂੰ ਸਮਝ ਨਹੀਂ ਪਾਉਂਦਾ। ਉਨ੍ਹਾਂ ਕਿਹਾ ਕਿ ਆਮ ਆਦਮੀ ਵੀ ਨਿਆਂ ਦੀ ਭਾਸ਼ਾ ਨੂੰ ਸਮਝ ਸਕੇ ਇਸ ਲਈ ਫੈਸਲਿਆਂ ਦਾ ਵੱਖ ਵੱਖ ਭਾਸ਼ਾਵਾਂ ’ਚ ਅਨੁਵਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 22 ਹਜ਼ਾਰ ਫੈਸਲਿਆਂ ਦਾ ਪੰਜਾਬੀ ਤੇ 30 ਹਜ਼ਾਰ ਫੈਸਲਿਆਂ ਦਾ ਹਿੰਦੀ ਵਿਚ ਅਨੁਵਾਦ ਕੀਤਾ ਜਾ ਚੁੱਕਾ ਹੈ। ਸੀਜੇਆਈ ਨੇ ਕਿਹਾ ਕਿ ਅਨੁਵਾਦ ਦੇ ਅਮਲ ਲਈ ਆਰਟੀਫਿਸ਼ਲ ਇੰਟੈਲੀਜੈਂਸ (ਮਸਨੂਈ ਬੌਧਿਕਤਾ) ਦੀ ਮਦਦ ਲਈ ਜਾ ਰਹੀ ਹੈ। ਉਨ੍ਹਾਂ ਪੀਜੀਆਈ ਵਿਚ ਡਿਗਰੀ ਲੈਣ ਵਾਲੇ ਡਾਕਟਰਾਂ ਨੂੰ ਕਿਹਾ ਕਿ ਸਿਰਫ਼ ਡਿਗਰੀ ਲੈਣਾ ਕੋਈ ਵੱਡੀ ਗੱਲ ਨਹੀਂ ਹੈ। ਮਰੀਜ਼ ਨਾਲ ਜਜ਼ਬਾਤੀ ਰਿਸ਼ਤਾ ਵੀ ਜ਼ਰੂਰੀ ਹੈ। ਉਨ੍ਹਾਂ ਫ਼ਿਲਮ ‘ਮੁੰਨਾ ਭਾਈ ਐੱਮਬੀਬੀਐੱਸ’ ਦੀ ਮਿਸਾਲ ਦਿੰਦਿਆਂ ਕਿਹਾ ਕਿ ‘ਜਾਦੂ ਦੀ ਜੱਫੀ’ ਨਾਲ ਮਰੀਜ਼ ਠੀਕ ਹੋ ਜਾਂਦੇ ਹਨ।