ਨਵੀਂ ਦਿੱਲੀ/ਪੇਈਚਿੰਗ/ਵਾਸ਼ਿੰਗਟਨ, 30 ਅਕਤੂਬਰ
ਭਾਰਤੀ ਫੌਜ ਵਿਚਲੇ ਸੂਤਰਾਂ ਨੇ ਕਿਹਾ ਕਿ ਭਾਰਤੀ ਤੇ ਚੀਨੀ ਫੌਜੀ ਭਲਕੇ ਦੀਵਾਲੀ ਮੌਕੇ ਇਕ ਦੂਜੇ ਨੂੰ ਮਠਿਆਈਆਂ ਦੇਣਗੇ। ਉਂਝ ਅਜੇ ਤੱਕ ਇਹ ਸਪਸ਼ਟ ਨਹੀਂ ਕਿ ਮਠਿਆਈਆਂ ਦਾ ਅਦਾਨ ਪ੍ਰਦਾਨ ਕਿਸ ਥਾਂ ਉੱਤੇ ਹੋਵੇਗਾ। ਹਾਲਾਂਕਿ ਰਵਾਇਤ ਮੁਤਾਬਕ ਭਾਰਤ ਤੇ ਚੀਨ ਦੇ ਸੁਰੱਖਿਆ ਦਸਤੇ ਪੂਰਬੀ ਲੱਦਾਖ ਸਣੇ ਅਸਲ ਕੰਟਰੋਲ ਰੇਖਾ ਦੇ ਨਾਲ ਕਈ ਸਰਹੱਦੀ ਚੌਕੀਆਂ ’ਤੇ ਤਿਉਹਾਰਾਂ ਤੇ ਹੋਰ ਅਹਿਮ ਮੌਕਿਆਂ ਉੱਤੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾਉਂਦੇ ਹਨ। ਇਸ ਦੌਰਾਨ ਸੂਤਰਾਂ ਨੇ ਪੂਰਬੀ ਲੱਦਾਖ ਵਿਚ ਟਕਰਾਅ ਵਾਲੇ ਦੋ ਖੇਤਰਾਂ ਡੈਮਚੌਕ ਤੇ ਦੇਪਸਾਂਗ ਵਿਚੋਂ ਭਾਰਤ ਤੇ ਚੀਨ ਦੀਆਂ ਫੌਜਾਂ ਪਿੱਛੇ ਹਟਾਉਣ ਦਾ ਅਮਲ ਪੂਰਾ ਹੋਣ ਦਾ ਦਾਅਵਾ ਕੀਤਾ ਹੈ। ਸੂਤਰਾਂ ਮੁਤਾਬਕ ਜਲਦੀ ਹੀ ਇਨ੍ਹਾਂ ਖੇਤਰਾਂ ਵਿਚ ਗਸ਼ਤ ਸ਼ੁਰੂ ਹੋ ਜਾਵੇਗੀ। ਉਧਰ, ਭਾਰਤ ਵਿਚ ਚੀਨ ਦੇ ਰਾਜਦੂਤ ਸ਼ੂ ਫਿਹੌਂਗ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਰੂਸ ਦੇ ਕਜ਼ਾਨ ਵਿਚ ਬਰਿੱਕਸ ਸਿਖਰ ਵਾਰਤਾ ਤੋਂ ਪਾਸੇ ਹੋਈ ਹਾਲੀਆ ਬੈਠਕ ‘ਬਹੁਤ ਅਹਿਮ’ ਸੀ। ਇਸ ਦੌਰਾਨ ਚੀਨ ਨੇ ਅੱਜ ਕਿਹਾ ਕਿ ਪੂਰਬੀ ਲੱਦਾਖ ਵਿਚ ਟਕਰਾਅ ਵਾਲੇ ਖੇਤਰਾਂ ਵਿਚੋਂ ਦੋਵਾਂ ਮੁਲਕਾਂ ਦੀਆਂ ਫੌਜਾਂ ਨੂੰ ਪਿੱਛੇ ਹਟਾਉਣ ਸਬੰਧੀ ਚੀਨ ਤੇ ਭਾਰਤ ਵਿਚ ਬਣੀ ‘ਸਹਿਮਤੀ’ ਨੂੰ ‘ਪੜਾਅਵਾਰ’ ਢੰਗ ਨਾਲ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਅਮਰੀਕਾ ਨੇ ਭਾਰਤ ਚੀਨ ਸਰਹੱਦ ’ਤੇ ਤਣਾਅ ਘਟਣ ਦਾ ਸਵਾਗਤ ਕੀਤਾ ਹੈ। ’’-ਪੀਟੀਆਈ