ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 12 ਅਕਤੂਬਰ
ਕੈਥਲ ਦੇ ਪਿੰਡ ਮੁੰਦੜੀ ਕੋਲੋਂ ਲੰਘਦੀ ਨਹਿਰ ਵਿੱਚ ਕਾਰ ਡਿੱਗਣ ਕਾਰਨ ਇਕੋ ਪਰਿਵਾਰ ਦੇ 8 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦੋਂਕਿ ਇਕ ਲੜਕੀ ਲਾਪਤਾ ਦੱਸੀ ਜਾਂਦੀ ਹੈ। ਇਹ ਘਟਨਾ ਦਸਹਿਰੇ ਵਾਲੇ ਦਿਨ ਸ਼ਨਿੱਚਰਵਾਰ ਸਵੇਰੇ 10 ਵਜੇ ਦੇ ਕਰੀਬ ਵਾਪਰੀ ਹੈ।
ਮਰਨ ਵਾਲਿਆਂ ਵਿੱਚ ਤਿੰਨ ਮਹਿਲਾਵਾਂ ਤੇ ਤਿੰਨ ਬੱਚੀਆਂ ਵੀ ਸ਼ਾਮਿਲ ਹਨ। ਦੱਸਿਆ ਜਾਂਦਾ ਹੈ ਕਿ ਇਹ ਪਰਿਵਾਰ ਕੈਥਲ ਦੇ ਹੀ ਪਿੰਡ ਗੁਣਾ ਵਿੱਚ ਸਥਿਤ ਰਵਿਦਾਸ ਮੰਦਰ ਵਿੱਚ ਮੱਥਾ ਟੇਕਣ ਲਈ ਜਾ ਰਿਹਾ ਸੀ। ਜਾਣਕਾਰੀ ਮੁਤਾਬਕ ਗੱਡੀ ਚਲਾ ਰਹੇ ਕਾਰ ਮਾਲਕ ਦੀ ਜਾਨ ਬਚ ਗਈ ਹੈ, ਜਿਸ ਨੂੰ ਲੋਕਾਂ ਨੇ ਪੁੰਡਰੀ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ।
ਪਰਿਵਾਰ ਕੈਥਲ ਦੇ ਪਿੰਡ ਡੀਗ ਦਾ ਦੱਸਿਆ ਜਾਂਦਾ ਹੈ। ਜਾਣਕਾਰੀ ਮੁਤਾਬਕ ਪਰਿਵਾਰ ਨੇ ਮੰਦਰ ਵਿੱਚ ਮੱਥਾ ਟੇਕਣ ਤੋਂ ਬਾਅਦ ਕੈਥਲ ਵਿੱਚ ਦੁਸਹਿਰਾ ਮੇਲਾ ਵੀ ਵੇਖਣਾ ਸੀ। ਦੁਸਹਿਰੇ ਦੇ ਪਵਿੱਤਰ ਤਿਉਹਾਰ ਵਾਲੇ ਦਿਨ ਹੋਈ ਇਸ ਘਟਨਾ ਦੇ ਕਾਰਨ ਪੂਰੇ ਜ਼ਿਲ੍ਹਾ ਕੈਥਲ ਵਿੱਚ ਸੋਗ ਦੀ ਲਹਿਰ ਹੈ।
ਮ੍ਰਿਤਕਾਂ ਦੀ ਪਛਾਣ ਸਤਵਿੰਦਰ ਕੌਰ (50), ਚਮੇਲੀ (65), ਤੀਜੋ (45), ਫ਼ਿਜ਼ਾ (16), ਵੰਦਨਾ (10), ਰੀਆ (10) ਅ ਤੇ ਰਮਨਦੀਪ (6) ਵਜੋਂ ਹੋਈ ਹੈ। ਘਟਨਾ ਦੀ ਡੀਐਸਪੀ ਲਲਿਤ ਕੁਮਾਰ ਨੇ ਵੀ ਪੁਸ਼ਟੀ ਕੀਤੀ ਹੈ।
#WATCH | Kaithal, Haryana | DSP Lalit Kumar says, “We received the information that a family going to a fair, their car fell into a canal near Mundri in which 8 family members died, only the driver is alive. We have this information that one girl is missing. We are not confirm… pic.twitter.com/NcYDActIns
— ANI (@ANI) October 12, 2024
ਦੱਸਿਆ ਜਾਂਦਾ ਹੈ ਕਿ ਪਰਿਵਾਰ ਨੇ ਹਾਦਸੇ ਦਾ ਸ਼ਿਕਾਰ ਹੋਈ ਆਲਟੋ ਕਾਰ ਇਸ ਪਰਿਵਾਰ ਵੱਲੋਂ ਚਾਰ ਦਿਨ ਪਹਿਲਾਂ ਹੀ ਖ਼ਰੀਦੀ ਗਈ ਸੀ। ਘਟਨਾ ਕਾਰ ਦਾ ਬੈਲੈਂਸ ਖਰਾਬ ਹੋਣ ਕਾਰਨ ਵਾਪਰੀ ਦੱਸੀ ਜਾਂਦੀ ਹੈ। ਇੱਕ ਕੁੜੀ ਦਾ ਪਾਣੀ ਵਿੱਚ ਰੁੜ੍ਹ ਜਾਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ ਹੈ।
ਕਾਰ ਦੇ ਨਹਿਰ ਵਿਚ ਡਿੱਗਣ ਦੀ ਸੂਚਨਾ ਮਿਲਦੇ ਹੀ ਸਾਰਾ ਪਿੰਡ ਮੁੰਦੜੀ ਘਟਨਾ ਵਾਲੀ ਥਾਂ ’ਤੇ ਤੁਰੰਤ ਪਹੁੰਚ ਗਿਆ ਅਤੇ ਕਾਰ ਦੀ ਨਹਿਰ ਵਿੱਚ ਭਾਲ ਸ਼ੁਰੂ ਕਰ ਦਿੱਤੀ। (ਏਐੱਨਆਈ ਦੀ ਇਨਪੁੱਟ ਸਮੇਤ)