ਨਵੀਂ ਦਿੱਲੀ, 30 ਜੁਲਾਈਕੇਰਲ ਦੇ ਪਹਾੜੀ ਖੇਤਰ ਵਾਇਨਾਡ ਵਿੱਚ ਭਾਰੀ ਮੀਂਹ ਦੌਰਾਨ ਜ਼ਮੀਨ ਖਿਸਕਣ ਕਾਰਨ ਹੁਣ ਤੱਕ ਤਿੰਨ ਬੱਚਿਆਂ ਸਮੇਤ 123 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦੋਂਕਿ 128 ਹੋਰ ਜ਼ਖ਼ਮੀ ਹੋ ਗਏ ਹਨ। ਲਗਾਤਾਰ ਪੈ ਰਹੇ ਮੀਂਹ ਕਾਰਨ ਵੱਖ ਵੱਖ ਥਾਵਾਂ ’ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਕਾਰਨ ਕਈ ਵਿਅਕਤੀ ਮਲਬੇ ਹੇਠਾਂ ਦਬ ਗਏ। ਕੇਰਲ ਦੇ ਆਫ਼ਤ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਫਾਇਰ ਵਿਭਾਗ ਅਤੇ ਐਨਡੀਆਰਐੱਫ਼ ਦੀਆਂ ਟੀਮਾਂ ਵੱਲੋਂ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਕਾਰਜਾਂ ਲਈ ਅਭਿਆਨ ਜਾਰੀ ਹੈ।
ਇਸ ਘਟਨਾ ਸਬੰਧੀ ਦੁੱਖ ਜਤਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਤੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਵਿਚ ਮਾਰੇ ਗਏ ਪੀੜਤਾਂ ਦੇ ਵਾਰਿਸਾਂ ਨੂੰ ਪ੍ਰਧਾਨ ਮੰਤਰੀ ਰਾਹਤ ਫੰਡ ਵਿਚੋਂ ਦੋ-ਦੋ ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਵਿਜਯਨ ਨੇ ਉੱਚ ਅਧਿਕਾਰੀਆਂ ਨਾਲ ਬੈਠਕ ਕਰਕੇ ਉਨ੍ਹਾਂ ਨੂੰ ਰਾਹਤ ਤੇ ਬਚਾਅ ਕਾਰਜਾਂ ਵਿਚ ਤੇਜ਼ੀ ਲਿਆਉਣ ਲਈ ਕਿਹਾ ਹੈ। ਮੌਸਮ ਵਿਭਾਗ ਨੇ ਵਾਇਨਾਡ ਤੇ ਗੁਆਂਢੀ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ।
ਸੂਬੇ ਦੇ ਮਾਲ ਮੰਤਰੀ ਕੇ. ਰਾਜਨ ਨੇ ਦੱਸਿਆ ਕਿ ਜ਼ਮੀਨ ਖਿਸਕਣ ਕਾਰਨ ਜ਼ਖਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਅਨੁਸਾਰ ਜ਼ਮੀਨ ਖਿਸਕਣ ਕਾਰਨ ਮੰਡਕਈ, ਚੂਰਲਮਾਲਾ, ਅੱਟਮਾਲਾ ਅਤੇ ਨੂਲਪੁਝਾ ਪਿੰਡ ਪ੍ਰਭਾਵਿਤ ਹੋਏ ਹਨ। ਭਾਰੀ ਮੀਂਹ ਕਾਰਨ ਕਈ ਮਕਾਨ ਢਹਿ ਗਏ ਅਤੇ ਨਦੀਆਂ ਤੇਜ਼ੀ ਨਾਲ ਵਹਿ ਰਹੀਆਂ ਹਨ। ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਕਰਮਨਠੋਡੁ ਨਦੀ ’ਤੇ ਬਾਣਾਸੁਰ ਸਾਗਰ ਦੇ ਬੰਨ੍ਹ ਖੋਲ੍ਹ ਦਿੱਤੇ ਗਏ ਹਨ ਅਤੇ ਹੇਠਲੇ ਖੇਤਰ ਵਿਚ ਰਹਿਣ ਵਾਲੇ ਲੋਕਾਂ ਲਈ ਚਿਤਾਵਨੀ ਜਾਰੀ ਕਾਤੀ ਗਈ ਹੈ।
ਜ਼ਮੀਨ ਕਾਰਨ ਹੋਏ ਹਾਦਸਿਆਂ ਦੇ ਰਾਹਤ ਕਾਰਜਾਂ ਲਈ ਕੇਰਲ ਸਰਕਾਰ ਨੇ ਭਾਰਤੀ ਸੈਨਾ ਦੀ ਮਦਦ ਮੰਗੀ ਹੈ, ਸੂਚਨਾ ਅਧਿਕਾਰੀ ਨੇ ਦੱਸਿਆ ਕਿ 122 ਇੰਟਫੈਂਟਰੀ ਬਟਾਲੀਅਨ ਮਦਰਾਸ ਸੈਕਿੰਡ-ਇੰਨ-ਕਮਾਂਡ ਦੇ 43 ਜਵਾਨਾਂ ਦੀ ਟੀਮ ਨੂੰ ਰਾਹਤ ਕਾਰਜਾਂ ਲਈ ਤੈਨਾਤ ਕੀਤਾ ਗਿਆ ਹੈ। ਇਸ ਟੀਮ ਵਿਚ ਇਕ ਮੈਡੀਕਲ ਅਫ਼ਸਰ, ਦੋ ਜੇਸੀਓ ਅਤੇ 40 ਸੈਨਿਕ ਸ਼ਾਮਲ ਹਨ।
ਕੇਂਦਰ ਸਰਕਾਰ ਵੱਲੋਂ ਕੇਰਲ ਨੂੰ ਹਰ ਸੰਭਵ ਮਦਦ ਦਿੱਤੀ ਜਾਵੇ: ਰਾਹੁਲ ਗਾਂਧੀ
ਉਧਰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕੇਰਲ ਦੇ ਵਾਇਨਾਡ ਵਿੱਚ ਜ਼ਮੀਨ ਖਿਸਕਣ ਕਾਰਨ 70 ਤੋਂ ਵੱਧ ਲੋਕ ਮਾਰੇ ਗਏ ਹਨ। ਇਸ ਦੌਰਾਨ ਉਨ੍ਹਾਂ ਕੇਂਦਰ ਸਰਕਾਰ ਤੋਂ ਪ੍ਰਭਾਵਿਤ ਲੋਕਾਂ ਦੇ ਬਚਾਅ ਅਤੇ ਮੁੜ ਵਸੇਬੇ ਲਈ ਹਰ ਸੰਭਵ ਸਹਾਇਤਾ ਦੇਣ ਦੀ ਮੰਗ ਕੀਤੀ ਹੈ। ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਉਂਦੇ ਹੋਏ ਗਾਂਧੀ ਨੇ ਜ਼ਮੀਨ ਖਿਸਕਣ ਕਾਰਨ ਮਾਰੇ ਗਏ ਵਿਅਕਤੀਆਂ ਦੇ ਵਾਰਸਾਂ ਨੂੰ ਮੁਆਵਜ਼ੇ, ਮਹੱਤਵਪੂਰਨ ਆਵਾਜਾਈ ਅਤੇ ਸੰਚਾਰ ਲਾਈਨਾਂ ਦੀ ਬਹਾਲੀ ਦੀ ਮੰਗ ਵੀ ਕੀਤੀ।
ਇਸ ਦਾ ਜਵਾਬ ਦਿੰਦਿਆਂ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨਾਲ ਗੱਲ ਕੀਤੀ ਹੈ ਅਤੇ ਰਾਹਤ ਕਾਰਜਾਂ ਲਈ ਤਾਲਮੇਲ ਕਰਨ ਦੇ ਮੱਦੇਨਜ਼ਰ ਕੇਰਲ ਤੋਂ ਇੱਕ ਰਾਜ ਮੰਤਰੀ ਨੂੰ ਵੀ ਭੇਜਿਆ ਹੈ। -ਪੀਟੀਆਈ