ਨਵੀਂ ਦਿੱਲੀ, 29 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 31 ਅਕਤੂਬਰ ਨੂੰ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ ਜੈਅੰਤੀ ਮੌਕੇ ‘ਮੇਰਾ ਯੁਵਾ ਭਾਰਤ’ ਨਾਮ ਦੀ ਜਥੇਬੰਦੀ ਦੀ ਨੀਂਹ ਰੱਖਣ ਦਾ ਐਲਾਨ ਕੀਤਾ ਜੋ ਰਾਸ਼ਟਰ ਉਸਾਰੀ ਨਾਲ ਜੁੜੀਆਂ ਵੱਖ-ਵੱਖ ਯੋਜਨਾਵਾਂ ਵਿੱਚ ਦੇਸ਼ ਦੇ ਨੌਜਵਾਨਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਲਈ ਮੌਕਾ ਦੇਵੇਗੀ। ਆਕਾਸ਼ਵਾਣੀ ’ਤੇ ਅੱਜ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 105ਵੀਂ ਲੜੀ ਵਿੱਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਪਿਛਲੇ ਕੁੱਝ ਸਾਲਾਂ ਵਿੱਚ ਖਾਦੀ ਨਾਲ ਜੁੜੇ ਉਤਪਾਦਾਂ ਦੀ ਵਿਕਰੀ ਵਿੱਚ ਹੋਏ ਵਾਧੇ ਦਾ ਹਵਾਲਾ ਦਿੱਤਾ। ਉਨ੍ਹਾਂ ਦੇਸ਼ਵਾਸੀਆਂ ਨੂੰ ਇੱਕ ਵਾਰ ਫਿਰ ਵੱਧ ਤੋਂ ਵੱਧ ਸਥਾਨਕ ਉਤਪਾਦਾਂ ਦੀ ਖ਼ਰੀਦੋ-ਫਰੋਖ਼ਤ ਕਰਨ ਦੀ ਅਪੀਲ ਕੀਤੀ ਅਤੇ ‘ਆਤਮ ਨਿਰਭਰ’ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਗਾਂਧੀ ਜੈਅੰਤੀ ਮੌਕੇ ਦਿੱਲੀ ਦੇ ਕਨਾਟ ਪੈਲੇਸ ਵਿੱਚ ਸਥਿਤ ਖਾਦੀ ਭੰਡਾਰ ਵਿੱਚ ਇੱਕ ਹੀ ਦਿਨ ਵਿੱਚ ਡੇਢ ਕਰੋੜ ਤੋਂ ਵੱਧ ਦੀ ਵਿਕਰੀ ਦਾ ਜ਼ਿਕਰ ਕਰਦਿਆਂ ਕਿਹਾ, ‘‘ਦਸ ਸਾਲ ਪਹਿਲਾਂ ਦੇਸ਼ ਵਿੱਚ ਜਿੱਥੇ ਖਾਦੀ ਉਤਪਾਦਾਂ ਦੀ ਵਿਕਰੀ ਬਹੁਤ ਮੁਸ਼ਕਲ ਨਾਲ 30 ਹਜ਼ਾਰ ਕਰੋੜ ਰੁਪਏ ਤੋਂ ਵੀ ਘੱਟ ਕੀਤੀ ਜਾਂਦੀ ਸੀ, ਉੱਥੇ ਅੱਜ ਇਹ ਵਧ ਕੇ ਸਵਾ ਲੱਖ ਕਰੋੜ ਰੁਪਏ ਦੇ ਨੇੜੇ-ਤੇੜੇ ਪਹੁੰਚ ਗਈ ਹੈ।’’ -ਪੀਟੀਆਈ