ਚੇਨੱਈ, 29 ਜੂਨ
ਡੀਐੱਮਕੇ ਮੁਖੀ ਤੇ ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ.ਕੇ.ਸਟਾਲਿਨ ਨੇ ਦੇਸ਼ ਵਿੱਚ ਸਾਂਝਾ ਸਿਵਲ ਕੋਡ ਲਾਗੂ ਕਰਨ ਦੀ ਮੰਗ ਕਰ ਰਹੇ ਪ੍ਰਧਾਨ ਮੰੰਤਰੀ ਨਰਿੰਦਰ ਮੋਦੀ ਨੂੰ ਭੰਡਦੇ ਹੋਏ ਅੱਜ ਕਿਹਾ ਕਿ ਉਹ (ਮੋਦੀ) ਫਿਰਕੂ ਭਾਵਨਾਵਾਂ ਨੂੰ ਹਵਾ ਦੇ ਕੇ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਦੀ ਫਿਰਾਕ ਵਿਚ ਹਨ। ਸ੍ਰੀ ਮੋਦੀ ਵੱਲੋਂ ਲੰਘੇ ਦਿਨੀਂ ਭੁਪਾਲ ਵਿੱਚ ਸਾਂਝੇ ਸਿਵਲ ਕੋਡ ਬਾਰੇ ਕੀਤੀਆਂ ਟਿੱਪਣੀਆਂ ਦੇ ਹਵਾਲੇ ਨਾਲ ਸਟਾਲਿਨ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਵੱਲੋਂ ‘ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਵਿਗਾੜਨ’ ਤੇ ‘ਧਾਰਮਿਕ ਹਿੰਸਾ’ ਨੂੰ ਹਵਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਟਾਲਿਨ ਨੇ ਕਿਹਾ ਕਿ ਪ੍ਰਧਾਨ ਮੰੰਤਰੀ ਦੇਸ਼ ਵਿੱਚ ਦੁਚਿੱਤੀ ਦਾ ਮਾਹੌਲ ਪੈਦਾ ਕਰਨ ਬਾਰੇ ਸੋਚ ਰਹੇ ਹਨ।
ਇੱਥੇ ਇਕ ਨਿੱਜੀ ਸਮਾਗਮ ਦੌਰਾਨ ਮੁੱਖ ਮੰਤਰੀ ਸਟਾਲਿਨ ਨੇ ਕਿਹਾ, ”ਮੈਂ ਦੋ ਟੁਕ ਸ਼ਬਦਾਂ ਵਿਚ ਸਪਸ਼ਟ ਕਰ ਰਿਹਾ ਹਾਂ ਲੋਕ ਅਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਸਬਕ ਸਿਖਾਉਣ ਦੀ ਤਿਆਰੀ ਕਰੀ ਬੈਠੇ ਹਨ; ਤੁਹਾਨੂੰ (ਲੋਕਾਂ) ਤਿਆਰ ਰਹਿਣਾ ਚਾਹੀਦਾ ਹੈ।” ਹਿੰਸਾ ਦੇ ਝੰਬੇ ਮਨੀਪੁਰ ਦਾ ਅਜੇ ਤੱਕ ਦੌਰਾ ਨਾ ਕੀਤੇ ਜਾਣ ਲਈ ਮੋਦੀ ਨੂੰ ਘੇਰਦਿਆਂ ਸਟਾਲਿਨ ਨੇ ਕਿਹਾ, ”ਮਨੀਪੁਰ ਪਿਛਲੇ 50 ਦਿਨਾਂ ਤੋਂ ਝੁਲਸ ਰਿਹਾ ਹੈ ਤੇ ਹੁਣ ਤੱਕ 150 ਲੋਕ ਮਾਰੇ ਗਏ ਹਨ। ਹਜ਼ਾਰਾਂ ਲੋਕ ਮਨੀਪੁਰ ਛੱਡ ਕੇ ਭੱਜ ਗਏ ਹਨ। ਪਰ ਪ੍ਰਧਾਨ ਮੰਤਰੀ ਨੇ ਅਜੇ ਤੱਕ ਸੂਬੇ ਦਾ ਦੌਰਾ ਨਹੀਂ ਕੀਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ 50 ਦਿਨਾਂ ਮਗਰੋਂ ਹੀ ਇਸ ਮੁੱਦੇ ‘ਤੇ ਸਰਬ ਪਾਰਟੀ ਮੀਟਿੰਗ ਕੀਤੀ। -ਪੀਟੀਆਈ
ਸਾਂਝਾ ਸਿਵਲ ਕੋਡ ਸਮਾਜ ਦੇ ਸਾਰੇ ਵਰਗਾਂ ਨੂੰ ਸੰਤੁਸ਼ਟ ਕਰੇਗਾ: ਚੌਬੇ
ਪਟਨਾ: ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਅੱਜ ਕਿਹਾ ਸਾਂਝਾ ਸਿਵਲ ਕੋਡ ਸਮਾਜ ਦੇ ਇਕ ਹਿੱਸੇ ਨੂੰ ਪਤਿਆਉਣ ਤੇ ਖ਼ੁਸ਼ ਕਰਨ ਦੀ ਥਾਂ ਸਮਾਜ ਦੇ ਹਰ ਵਰਗ ਨੂੰ ਸੰਤੁਸ਼ਟ ਕਰੇਗਾ। ਸੀਨੀਅਰ ਭਾਜਪਾ ਆਗੂ ਨੇ ਆਸ ਜਤਾਈ ਕਿ ਨਰਿੰਦਰ ਮੋਦੀ ਸਰਕਾਰ ਜਲਦੀ ਹੀ ਸਾਂਝਾ ਸਿਵਲ ਕੋਡ ਲਿਆਏਗੀ। ਕੇਂਦਰੀ ਮੰਤਰੀ ਨੇ ਕਿਹਾ, ”ਸਾਂਝਾ ਸਿਵਲ ਕੋਡ ਸਮਾਜ ਦੇ ਸਾਰੇ ਵਰਗਾਂ ਨੂੰ ਸੰਤੁਸ਼ਟ ਕਰੇਗਾ ਕਿਉਂਕਿ ਸਾਰੇ ਮਿਲ ਕੇ ਅਮਨ ਅਮਾਨ ਨਾਲ ਰਹਿਣਾ ਤੇ ਤਰੱਕੀ ਕਰਨਾ ਚਾਹੁੰਦੇ ਹਨ।” ਉਨ੍ਹਾਂ ਕੋਡ ਦੀ ਆੜ ਹੇਠ ਸਮਾਜ ਦੇ ਧਰੁਵੀਕਰਨ ਦੇ ਲੱਗ ਰਹੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ, ‘ਵਿਰੋਧੀ ਧਿਰਾਂ ਸਿਰਫ਼ ਵਿਰੋਧ ਲਈ ਸਾਂਝੇ ਸਿਵਲ ਕੋਡ ਦਾ ਵਿਰੋਧ ਕਰ ਰਹੀਆਂ ਹਨ।”