ਨਿਊਯਾਰਕ, 4 ਨਵੰਬਰ
ਅਰਬਪਤੀ ਕਾਰੋਬਾਰੀ ਐਲਨ ਮਸਕ ਵੱਲੋਂ ਟਵਿੱਟਰ ਦਾ ਮਾਲਕ ਬਣਨ ਦੇ ਹਫ਼ਤੇ ਮਗਰੋਂ ਸੋਸ਼ਲ ਮੀਡੀਆ ਕੰਪਨੀ ਦੇ ਮੁਲਾਜ਼ਮਾਂ ਦੀ ਛਾਂਟੀ ਸ਼ੁਰੂ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟ ਮੁਤਾਬਕ ਟਵਿੱਟਰ ਦੇ 7,500 ਕਰਮਚਾਰੀਆਂ ਵਿੱਚੋਂ ਅੱਧਿਆਂ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ। ਨਿਊਯਾਰਕ ਟਾਈਮਜ਼ ਨੇ ਕੰਪਨੀ ਵੱਲੋਂ ਜਾਰੀ ਕੀਤੀ ਈ-ਮੇਲ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਮਸਕ ਛੇਤੀ ਹੀ ਟਵਿੱਟਰ ਤੋਂ ਮੁਲਾਜ਼ਮਾਂ ਦੀ ਛਾਂਟੀ ਸ਼ੁਰੂ ਕਰਨਗੇ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਅਜਿਹੇ ਸੁਨੇਹੇ 3738 ਮੁਲਾਜ਼ਮਾਂ ਨੂੰ ਮਿਲੇ ਹਨ। ਟਵਿੱਟਰ ‘ਚ ਮੁਲਾਜ਼ਮਾਂ ਦੀ ਛਾਂਟੀ ਦੀਆਂ ਅਫ਼ਵਾਹਾਂ ਪਿਛਲੇ ਕੁਝ ਸਮੇਂ ਤੋਂ ਚੱਲ ਰਹੀਆਂ ਸਨ। ਮਸਕ ਨੇ ਟਵਿੱਟਰ ‘ਤੇ ਕਬਜ਼ਾ ਜਮਾਉਣ ਮਗਰੋਂ ਬਲੂ ਟਿੱਕ ਲਈ 8 ਡਾਲਰ ਪ੍ਰਤੀ ਮਹੀਨਾ ਫੀਸ ਰੱਖ ਦਿੱਤੀ ਹੈ। ਟਵਿੱਟਰ ਨੇ ਮੁਲਾਜ਼ਮਾਂ ਨੂੰ ਆਰਾਮ ਦੇਣ ਵਾਲੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਹਨ। ਟਵਿੱਟਰ ਨੂੰ ਖ਼ਰੀਦਣ ਤੋਂ ਪਹਿਲਾਂ ਜਿਹੜਾ ਸਮਝੌਤਾ ਹੋਇਆ ਸੀ, ਉਸ ਮੁਤਾਬਕ ਮਸਕ ਨੇ ਮੁਲਾਜ਼ਮਾਂ ਦੇ ਮੁਆਵਜ਼ੇ ਅਤੇ ਹੋਰ ਲਾਭ ਇਕ ਸਾਲ ਲਈ ਬਹਾਲ ਰੱਖਣ ‘ਤੇ ਸਹਿਮਤੀ ਜਤਾਈ ਸੀ। ਨਿਊਯਾਰਕ ਟਾਈਮਜ਼ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਟਵਿੱਟਰ ਵੱਲੋਂ ਮੁਲਾਜ਼ਮਾਂ ਨੂੰ ਸਿਰਫ਼ ਦੋ ਮਹੀਨੇ ਦੀ ਤਨਖ਼ਾਹ ਦੇ ਕੇ ਘਰ ਤੋਰਿਆ ਜਾ ਰਿਹਾ ਹੈ। -ਪੀਟੀਆਈ