ਨਵੀਂ ਦਿੱਲੀ: ਕੇਂਦਰ ਦੀ ਯੋਜਨਾ ‘ਪੀਐੱਮ-ਕਿਸਾਨ’ ਅਧੀਨ ਰਜਿਸਟਰਡ ਕਿਸਾਨ ਹੁਣ ਵਨ-ਟਾਈਮ ਪਾਸਵਰਡ ਜਾਂ ਫਿੰਗਰਪ੍ਰਿੰਟ ਤੋਂ ਬਿਨਾਂ ਆਪਣੇ ਚਿਹਰੇ ਨੂੰ ਸਕੈਨ ਕਰਕੇ ਈ-ਕੇਵਾਈਸੀ ਨੂੰ ਮੁਕੰਮਲ ਕਰ ਸਕਦੇ ਹਨ। ਸਰਕਾਰ ਨੇ ਅੱਜ ਤੋਂ ਮੋਬਾਈਲ ਐਪਲੀਕੇਸ਼ਨ ਉੱਤੇ ਇਸ ਨਵੇਂ ਫੀਚਰ ਦੀ ਸ਼ੁਰੂਆਤ ਕੀਤੀ ਹੈ। ਅਧਿਕਾਰਿਤ ਬਿਆਨ ਰਾਹੀਂ ਦੱਸਿਆ ਗਿਆ ਕਿ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਪੀਐੱਮ-ਕਿਸਾਨ ਮੋਬਾਈਲ ਐਪ ‘ਤੇ ਨਵੇਂ ਫੀਚਰ ਦੀ ਸ਼ੁਰੂਆਤ ਕੀਤੀ ਗਈ। ਤੋਮਰ ਨੇ ਕਿਹਾ ਕਿ ਇਸ ਯੋਜਨਾ ਦੇ ਲਾਗੂ ਹੋਣ ਨਾਲ ਤਕਨਾਲੋਜੀ ਦੀ ਵਰਤੋਂ ਆਸਾਨ ਹੋ ਗਈ ਹੈ। ਬਿਆਨ ਮੁਤਾਬਿਕ ਇਸ ਐਪ ਰਾਹੀਂ ਦੂਰ-ਦੁਰਾਡੇ ਵੱਸਦੇ ਕਿਸਾਨ ਓਟੀਪੀ ਤੇ ਫਿੰਗਰਪ੍ਰਿੰਟ ਤੋਂ ਬਿਨਾਂ ਆਪਣਾ ਚਿਹਰਾ ਸਕੈਨ ਕਰਕੇ ਈ-ਕੇਵਾਈਸੀ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ (ਪੀਐੱਮ-ਕਿਸਾਨ) ਤਹਿਤ ਯੋਗ ਕਿਸਾਨਾਂ ਨੂੰ ਸਾਲਾਨਾ ਛੇ ਹਜ਼ਾਰ ਰੁਪਏ ਵਿੱਤੀ ਮਦਦ ਵਜੋਂ ਮੁਹੱਈਆ ਕਰਵਾਏ ਜਾਂਦੇ ਹਨ। ਕਿਸਾਨਾਂ ਨੂੰ ਚਾਰ ਮਹੀਨਿਆਂ ਬਾਅਦ 2 ਹਜ਼ਾਰ ਰੁਪਏ ਦੀ ਕਿਸ਼ਤ ਦਿੱਤੀ ਜਾਂਦੀ ਹੈ। ਇਹ ਸਕੀਮ ਫਰਵਰੀ 2019 ਵਿੱਚ ਸ਼ੁਰੂ ਕੀਤੀ ਗਈ ਸੀ ਪਰ ਇਹ ਦਸੰਬਰ 2018 ਤੋਂ ਲਾਗੂ ਹੋ ਗਈ ਸੀ। -ਪੀਟੀਆਈ