ਗੁਰੂਗ੍ਰਾਮ, 6 ਅਗਸਤ
ਹਰਿਆਣਾ ਅਥਾਰਿਟੀਜ਼ ਵੱਲੋਂ ਹਿੰਸਾ ਦੇ ਝੰਬੇ ਨੂਹ ਜ਼ਿਲ੍ਹੇ ਵਿੱਚ ਗੈਰਕਾਨੂੰਨੀ ਇਮਾਰਤਾਂ ਢਾਹੁਣ ਦਾ ਅਮਲ ਅੱਜ ਵੀ ਜਾਰੀ ਰਿਹਾ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਇਮਾਰਤਾਂ ਵਿੱਚ ਇਕ ਹੋਟਲ ਕਮ ਰੈਸਟੋਰੈਂਟ ਵੀ ਸ਼ਾਮਲ ਸੀ, ਜਿੱਥੋਂ ਧਾਰਮਿਕ ਯਾਤਰਾ ’ਤੇ ਕਥਿਤ ਪੱਥਰਬਾਜ਼ੀ ਕੀਤੀ ਗਈ ਸੀ। ਨੂਹ ਵਿੱਚ ਗੈਰਕਾਨੂੰਨੀ ਉਸਾਰੀਆਂ ਢਾਹੁਣ ਦੀ ਮੁਹਿੰਮ ਦਾ ਅੱਜ ਚੌਥਾ ਦਿਨ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਦਾਅਵਾ ਕੀਤਾ ਸੀ ਕਿ ਉਸ ਨੇ 16 ਗੈਰਕਾਨੂੰਨੀ ਇਮਾਰਤਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਅੱਜ (ਐਤਵਾਰ) ਢਾਹਿਆ ਜਾਣਾ ਹੈ। ਸਬ ਡਿਵੀਵਜ਼ਨ ਮੈਜਿਸਟਰੇਟ ਅਸ਼ਵਨੀ ਕੁਮਾਰ ਨੇ ਕਿਹਾ ਕਿ ਹਾਲੀਆ ਹਿੰਸਾ ਦੌਰਾਨ ‘ਗੁੰਡਾ ਅਨਸਰਾਂ’ ਨੇ ਇਨ੍ਹਾਂ ਗੈਰਕਾਨੂੰਨੀ ਇਮਾਰਤਾਂ ਦੀ ਵਰਤੋਂ ਕਰਕੇ ਪੱਥਰਬਾਜ਼ੀ ਕੀਤੀ। ਉਧਰ ਨੂਹ ਦੇ ਜ਼ਿਲ੍ਹਾ ਮੈਜਿਸਟਰੇਟ ਧੀਰੇਂਦਰ ਖਦਗਾਟਾ ਨੇ ਕਿਹਾ ਕਿ ਅੱਜ ਸਵੇਰੇ 9 ਤੋਂ 12 ਵਜੇ ਤੱਕ ਕਰਫਿਊ ’ਚ ਢਿੱਲ ਦਿੱਤੀ ਗਈ ਤਾਂ ਕਿ ਲੋਕ ਜ਼ਰੂਰੀ ਵਸਤਾਂ ਖਰੀਦ ਸਕਣ। -ਏਜੰਸੀ