ਰਾਜੌਰੀ/ਜੰਮੂ, 4 ਨਵੰਬਰ
ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਤਿਵਾਦ ਨੂੰ ਪਾਕਿਸਤਾਨ ਵੱਲੋਂ ਸ਼ਹਿ ਦੇਣ ਦਾ ਮਕਸਦ ਆਪਣੇ ਦੇਸ਼ ਦੇ ਮਸਲਿਆਂ ਤੋਂ ਧਿਆਨ ਵੰਡਾਉਣਾ ਹੈ। ਉਨ੍ਹਾਂ ਕਿਹਾ ਕਿ ਕੰਟਰੋਲ ਰੇਖਾ ‘ਤੇ ਸ਼ਾਂਤੀ ਭੰਗ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਮੁਕਾਬਲਾ ਕਰਨ ਲਈ ਸੁਰੱਖਿਆ ਬਲ ਲਗਾਤਾਰ ਮੁਸਤੈਦ ਹਨ। ਪੁਣਛ ਸਥਿਤ ਫ਼ੌਜੀ ਬ੍ਰਿਗੇਡ ਕਮਾਂਡਰ ਬ੍ਰਿਗੇਡੀਅਰ ਰਾਜੇਸ਼ ਬਿਸ਼ਟ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਪੁਣਛ ਸੈਕਟਰ ‘ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖ਼ਿੱਤੇ ‘ਚ ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਵਿਗਾੜਨ ਦੀਆਂ ਵਿਰੋਧੀ ਤਾਕਤਾਂ ਦੀਆਂ ਕੋਸ਼ਿਸ਼ਾਂ ਦਾ ਮੁਕਾਬਲਾ ਕਰਨ ਲਈ ਸੁਰੱਖਿਆ ਬਲ ਐੱਲਓਸੀ ‘ਤੇ ਚੌਕਸ ਹਨ। ਉਨ੍ਹਾਂ ਕਿਹਾ ਕਿ ਜਵਾਨਾਂ ਨੇ ਨਗਰਕੋਟ ਇਲਾਕੇ ‘ਚ ਕੰਟਰੋਲ ਰੇਖਾ ਦੇ ਪਾਰ ਤਿੰਨ ਘੁਸਪੈਠੀਆਂ ਦੀਆਂ ਸ਼ੱਕੀ ਸਰਗਰਮੀਆਂ ਨੂੰ ਦੇਖਿਆ ਜੋ ਪਠਾਨੀ ਸੂਟ ਪਹਿਨੇ ਹੋਏ ਸਨ ਅਤੇ ਛਿਪਣ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ। ਅਧਿਕਾਰੀਆਂ ਨੇ ਕਿਹਾ ਜਦੋਂ ਜਵਾਨਾਂ ਨੇ ਘੁਸਪੈਠੀਆਂ ਨੂੰ ਲਲਕਾਰਿਆ ਤਾਂ ਉਨ੍ਹਾਂ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ‘ਚ ਤਿੰਨ ਅਤਿਵਾਦੀਆਂ ਨੂੰ ਮਾਰ ਮੁਕਾਇਆ। ਬਾਅਦ ‘ਚ ਇਕ ਅਤਿਵਾਦੀ ਦੀ ਲਾਸ਼ ਮਿਲੀ ਜਦਕਿ ਦੋ ਹਰਾਂ ਦੀਆਂ ਲਾਸ਼ਾਂ ਮਕਬੂਜ਼ਾ ਕਸ਼ਮੀਰ ਦੇ ਪਿੰਡਾਂ ਦੇ ਲੋਕ ਗੱਡੀਆਂ ‘ਚ ਪਾ ਕੇ ਲੈ ਗਏ। ਉਨ੍ਹਾਂ ਕਿਹਾ ਕਿ ਮੌਕੇ ਤੋਂ ਚਾਰ ਮੈਗਜ਼ੀਨ, 43 ਰੌਂਦ ਦੇ ਨਾਲ ਦੋ ਏਕੇ-74 ਰਾਈਫ਼ਲਾਂ, ਸੱਤ ਰਾਊਂਡ ਅਤੇ ਇਕ ਮੈਗਜ਼ੀਨ, ਇਕ ਚੀਨੀ ਪਸਤੌਲ, ਨਸ਼ੇ ਆਦਿ ਬਰਾਮਦ ਕੀਤੇ ਗਏ ਹਨ। -ਪੀਟੀਆਈ