ਲਾਹੌਰ, 25 ਜੂਨ
ਪਾਕਿਸਤਾਨ ਦੀ ਇਹਤਸਾਬ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ 37 ਸਾਲ ਪੁਰਾਣੇ ‘ਵੱਢੀ ਮਾਮਲੇ’ ਵਿੱਚ ਬਰੀ ਕਰ ਦਿੱਤਾ ਹੈ। ਸ਼ਰੀਫ਼ ‘ਤੇ ਦੋਸ਼ ਸੀ ਕਿ ਉਨ੍ਹਾਂ ਇਕ ਉੱਘੇ ਮੀਡੀਆ ਅਦਾਰੇ ਨੂੰ ‘ਰਿਸ਼ਵਤ’ ਵਜੋਂ ਪੰਜਾਬ ਸੂਬੇ ਦੀ ਰਾਜਧਾਨੀ ਵਿੱਚ ‘ਬਹੁਮੁੱਲੀ ਸਰਕਾਰੀ ਜ਼ਮੀਨ’ ਤਬਦੀਲ ਕੀਤੀ ਸੀ। ਕੋਰਟ ਨੇ ਇਹ ਫੈਸਲਾ ਅਜਿਹੇ ਮੌਕੇ ਸੁਣਾਇਆ ਹੈ ਜਦੋਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼, ਜੋ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਸੁਪਰੀਮੋ ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਹਨ, ਦੀ ਅਗਵਾਈ ਵਾਲੀ ਸੰਘੀ ਸਰਕਾਰ ਨੇ ਸਿਆਸਤਦਾਨਾਂ ‘ਤੇ ਲੱਗੀ ਉਮਰ ਭਰ ਦੀ ਪਾਬੰਦੀ ਹਟਾਉਣ ਲਈ ਕਾਨੂੰਨਾਂ ਵਿੱਚ ਕੁਝ ਅਹਿਮ ਸੋਧਾਂ ਕੀਤੀਆਂ ਹਨ। ਕੋਰਟ ਤੋਂ ਮਿਲੀ ਰਾਹਤ ਨਾਲ ਤਿੰਨ ਵਾਰ ਮੁਲਕ ਦੇ ਵਜ਼ੀਰੇ ਆਜ਼ਮ ਰਹੇ ਨਵਾਜ਼ ਸ਼ਰੀਫ਼(73) ਲਈ ਸਾਲ ਦੇ ਅਖੀਰ ਵਿੱਚ ਹੋਣ ਵਾਲੀਆਂ ਆਮ ਚੋਣਾਂ ਲੜਨ ਦਾ ਰਾਹ ਪੱਧਰਾ ਹੋ ਜਾਵੇਗਾ। -ਪੀਟੀਆਈ