ਚੰਡੀਗੜ੍ਹ, 13 ਅਗਸਤ
ਪੰਜਾਬ ਪੁਲੀਸ ਨੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਦਹਿਸ਼ਤੀ ਮੌਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਨ੍ਹਾਂ ਵਿਅਕਤੀਆਂ ਕੋਲੋਂ ਤਿੰਨ ਪਿਸਟਲ ਤੇ ਨਗ਼ਦੀ ਵੀ ਬਰਾਮਦ ਹੋਈ ਹੈ। ਪੁਲੀਸ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਫੜ੍ਹੇ ਗਏ ਮੁਲਜ਼ਮ ਚੈੱਕ ਗਣਰਾਜ ਦੇ ਗੁਰਦੇਵ ਸਿੰਘ ਦੇ ਸਾਥੀ ਹਨ। ਗੁਰਦੇਵ ਸਿੰਘ ਕੈਨੇਡਾ ਅਧਾਰਿਤ ਦਹਿਸ਼ਤਗਰਦ ਲਖਬੀਰ ਸਿੰਘ ਦਾ ਨੇੜਲਾ ਸਾਥੀ ਹੈ। ਯਾਦਵ ਨੇ ਐਕਸ (ਪਹਿਲਾਂ ਟਵਿੱਟਰ) ’ਤੇ ਕੀਤੇ ਟਵੀਟ ਵਿੱਚ ਕਿਹਾ, ‘‘ਪੰਜਾਬ ਪੁਲੀਸ ਨੇ ਕਾਊਂਟਰ ਇੰਟੈਲੀਜੈਂਸ ਤੇ ਤਰਨ ਤਾਰਨ ਪੁਲੀਸ ਦੇ ਸਾਂਝੇ ਅਪਰੇਸ਼ਨ ਵਿੱਚ ਦਹਿਸ਼ਤੀ ਮੌਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਚੈੱਕ ਗਣਰਾਜ ਦੇ ਗੁਰਦੇਵ ਸਿੰਘ, ਜੋ ਕੈਨੇਡਾ ਅਧਾਰਿਤ ਦਹਿਸ਼ਤਗਰਦ ਲਖਬੀਰ ਸਿੰਘ ਦਾ ਨੇੜਲਾ ਸਾਥੀ ਹੈ ਅਤੇ ਸਤਬਿੀਰ ਸਿੰਘ, ਜੋ ਸਰਹਾਲੀ ਪੁਲੀਸ ਥਾਣੇ
’ਤੇ ਹੋਏ ਆਰਪੀਜੀ ਹਮਲੇ ਤੇ ਪੰਜਾਬ ਵਿੱਚ ਟਾਰਗੈਂਟ ਕਿਲਿੰਗਜ਼ ਵਿੱਚ ਸ਼ਾਮਲ ਸੀ, ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।’’ ਯਾਦਵ ਨੇ ਕਿਹਾ ਕਿ ਸ਼ੁਰੂਆਤੀ ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਨੇ ਮੰਨਿਆ ਹੈ ਕਿ ਉਹ ਪੰਜਾਬ ਦੀ ਸ਼ਾਂਤੀ ਤੇ ਸਦਭਾਵਨਾ ਭੰਗ ਕਰਨ ਦੀਆਂ ਸਾਜ਼ਿਸ਼ਾਂ ਘੜ ਰਹੇ ਸਨ। ਉਨ੍ਹਾਂ ਕੋਲੋਂ ਤਿੰਨ ਪਿਸਤੌਲ ਤੇ ਨਗ਼ਦੀ ਬਰਾਮਦ ਹੋਈ ਹੈ। -ਪੀਟੀਆਈ