ਜਗਮੋਹਨ ਸਿੰਘ
ਰੂਪਨਗਰ/ਘਨੌਲੀ, 26 ਜੂਨ
ਪੰਜਾਬ ਅੰਦਰ ਮੀਂਹ ਪੈਣ ਉਪਰੰਤ ਬਿਜਲੀ ਦੀ ਮੰਗ ਵਿੱਚ ਵੱਡੀ ਗਿਰਾਵਟ ਆਉਣ ਸਦਕਾ ਮਹਿਕਮਾ ਪਾਵਰਕਾਮ ਨੇ ਸਰਕਾਰੀ ਥਰਮਲ ਪਲਾਂਟਾਂ ਦੇ 5 ਯੂਨਿਟਾਂ ਦਾ ਬਿਜਲੀ ਉਤਪਾਦਨ ਬੰਦ ਕਰ ਦਿੱਤਾ ਹੈ। ਬਿਜਲੀ ਦਾ ਖਰਚ ਘਟਾਉਣ ਲਈ ਵਿਭਾਗ ਵੱਲੋਂ ਪਣ ਬਿਜਲੀ ਘਰਾਂ ਦੇ ਬਿਜਲੀ ਉਤਪਾਦਨ ਦੀ ਰਫਤਾਰ ਤੇਜ਼ ਕਰ ਦਿੱਤੀ ਗਈ ਹੈ। ਅੱਜ ਸੂਬੇ ਅੰਦਰ ਬਿਜਲੀ ਦੀ ਮੰਗ ਬੀਤੇ ਦਿਨ ਦੇ ਮੁਕਾਬਲੇ 14500 ਮੈਗਾਵਾਟ ਤੋਂ ਘਟ ਕੇ 11435 ਮੈਗਾਵਾਟ ਰਹਿ ਗਈ, ਜਿਸ ਉਪਰੰਤ ਪਾਵਰਕਾਮ ਮੈਨੇਜਮੈਂਟ ਵੱਲੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ 3, 4 ਅਤੇ 5 ਨੰਬਰ ਤੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ 3 ਅਤੇ 4 ਨੰਬਰ ਯੂਨਿਟਾਂ ਦਾ ਬਿਜਲੀ ਉਤਪਾਦਨ ਬੰਦ ਕਰ ਦਿੱਤਾ ਗਿਆ ਹੈ। ਅੱਜ ਥਰਮਲ ਪਲਾਂਟ ਰੂਪਨਗਰ ਦੇ ਯੂਨਿਟ ਨੰਬਰ 6 ਦੁਆਰਾ 154 ਮੈਗਾਵਾਟ ਬਿਜਲੀ ਪੈਦਾ ਕੀਤੀ ਤੇ ਲਹਿਰਾ ਮੁਹੱਬਤ ਦੇ 1 ਨੰਬਰ ਯੂਨਿਟ ਦੁਆਰਾ 170 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਗਿਆ। ਪ੍ਰਾਈਵੇਟ ਥਰਮਲ ਪਲਾਂਟਾਂ ਨੇ ਵੀ ਆਪਣੀ ਸਮਰੱਥਾ ਨਾਲੋਂ ਅੱਧੀ ਬਿਜਲੀ ਦਾ ਉਤਪਾਦਨ ਕੀਤਾ। ਇਨ੍ਹਾਂ ਵਿੱਚੋਂ 1400 ਮੈਗਾਵਾਟ ਉਤਪਾਦਨ ਸਮਰੱਥਾ ਵਾਲੇ ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟਾਂ ਵੱਲੋਂ 674, 1980 ਮੈਗਾਵਾਟ ਵਾਲੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨ ਯੂਨਿਟਾਂ ਨੇ 934, 540 ਮੈਗਾਵਾਟ ਸਮਰੱਥਾ ਵਾਲੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇ ਯੂਨਿਟਾਂ ਨੇ ਸਿਰਫ 300 ਯੂਨਿਟ ਬਿਜਲੀ ਪੈਦਾ ਕੀਤੀ। ਪਣ ਬਿਜਲੀ ਘਰਾਂ ਵਿੱਚੋਂ 600 ਮੈਗਾਵਾਟ ਵਾਲੇ ਰਣਜੀਤ ਸਾਗਰ ਡੈਮ ਦੇ ਯੂਨਿਟਾਂ ਨੇ 365 ਮੈਗਾਵਾਟ , 91.35 ਮੈਗਾਵਾਟ ਦੇ ਅਪਰ ਬਾਰੀ ਦੋਆਬ ਨਹਿਰ ਪਣ ਬਿਜਲੀ ਘਰ ਦੇ ਯੂਨਿਟਾਂ ਨੇ 86 ਮੈਗਾਵਾਟ, 225 ਮੈਗਾਵਾਟ ਸਮਰੱਥਾ ਵਾਲੇ ਮੁਕੇਰੀਆਂ ਪਣ ਬਿਜਲੀ ਘਰ ਦੇ ਯੂਨਿਟਾਂ ਨੇ 212 ਮੈਗਾਵਾਟ, 67 ਮੈਗਾਵਾਟ ਸਮਰੱਥਾ ਵਾਲੇ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਪ੍ਰਾਜੈਕਟ-1 ਦੇ ਦੋਵੇਂ ਯੂਨਿਟਾਂ ਨੇ 57 ਮੈਗਾਵਾਟ, 67 ਮੈਗਾਵਾਟ ਸਮਰੱਥਾ ਵਾਲੇ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਪ੍ਰਾਜੈਕਟ-2 ਦੇ ਦੋਵੇਂ ਯੂਨਿਟਾਂ ਨੇ 57 ਮੈਗਾਵਾਟ ਅਤੇ 110 ਮੈਗਾਵਾਟ ਪੈਦਾਵਾਰ ਸਮਰੱਥਾ ਵਾਲੇ ਸ਼ਾਨਨ ਪਣ ਬਿਜਲੀ ਘਰ ਨੇ 105 ਮੈਗਾਵਾਟ ਬਿਜਲੀ ਪੈਦਾ ਕੀਤੀ।