ਮਾਸਕੋ, 27 ਜੂਨ
ਰੂਸੀ ਅਧਿਕਾਰੀਆਂ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਪ੍ਰਾਈਵੇਟ ਸੈਨਾ ‘ਵੈਗਨਰ’ ਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਦੀ ਅਗਵਾਈ ਹੇਠ ਹੋਈ ਹਥਿਆਰਬੰਦ ਬਗ਼ਾਵਤ ਦੀ ਅਪਰਾਧਕ ਜਾਂਚ ਬੰਦ ਕਰ ਦਿੱਤੀ ਹੈ ਅਤੇ ਪ੍ਰਿਗੋਜ਼ਿਨ ਜਾਂ ਬਗ਼ਾਵਤ ‘ਚ ਸ਼ਾਮਲ ਹੋਰਨਾਂ ਖ਼ਿਲਾਫ਼ ਲਾਏ ਗਏ ਸਾਰੇ ਦੋਸ਼ ਹਟਾ ਦਿੱਤੇ ਹਨ। ਸੰਘੀ ਸੁਰੱਖਿਆ ਏਜੰਸੀ (ਏਐੱਫਬੀ) ਨੇ ਕਿਹਾ ਕਿ ਉਸ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਬਗ਼ਾਵਤ ਵਿੱਚ ਸ਼ਾਮਲ ਲੋਕਾਂ ਨੇ ”ਅਪਰਾਧ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਕੀਤੀਆਂ ਸਰਗਰਮੀਆਂ ਬੰਦ ਕਰ ਦਿੱਤੀਆਂ ਹਨ”, ਇਸ ਕਰਕੇ ਕੇਸ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ।
ਇਹ ਐਲਾਨ ਹਾਲੀਆ ਦਿਨਾਂ ‘ਚ ਹੈਰਾਨੀਜਨਕ ਘਟਨਾਵਾਂ ਦੀ ਲੜੀ ‘ਚ ਨਵਾਂ ਮੋੜ ਸੀ ਜਿਸ ਨੇ ਯੂਕਰੇਨ ਵਿੱਚ 16 ਮਹੀਨਿਆਂ ਤੋਂ ਚੱਲ ਰਹੀ ਜੰਗ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਸੱਤਾ ‘ਤੇ ਪਕੜ ਲਈ ਹੁਣ ਤੱਕ ਦਾ ਸਭ ਤੋਂ ਗੰਭੀਰ ਖ਼ਤਰਾ ਪੈਦਾ ਕਰ ਦਿੱਤਾ ਹੈ। ਕ੍ਰੈਮਲਿਨ ਨੇ ਸ਼ਨਿਚਰਵਾਰ ਨੂੰ ਬਗ਼ਾਵਤ ਖ਼ਤਮ ਕੀਤੇ ਜਾਣ ਮਗਰੋਂ ਪ੍ਰਿਗੋਜ਼ਿਨ ਅਤੇ ਉਨ੍ਹਾਂ ਦੇ ਲੜਾਕਿਆਂ ਖ਼ਿਲਾਫ਼ ਮੁਕੱਦਮਾ ਨਾ ਚਲਾਉਣ ਦਾ ਵਾਅਦਾ ਕੀਤਾ ਸੀ ਹਾਲਾਂਕਿ ਪਹਿਲਾਂ ਪੂਤਿਨ ਨੇ ਉਨ੍ਹਾਂ ਨੂੰ ਦੇਸ਼ਧ੍ਰੋਹੀ ਕਰਾਰ ਦਿੱਤਾ ਸੀ। ਰੂਸ ਵਿੱਚ ਹਥਿਆਰਬੰਦ ਵਿਦਰੋਹ ਕਰਨ ਦੇ ਦੋਸ਼ ਹੇਠ 20 ਜੇਲ੍ਹ ਦੀ ਸਜ਼ਾ ਦਾ ਪ੍ਰਬੰਧ ਹੈ। ਪਰ ਪ੍ਰਿਗੋਜ਼ਿਨ ਦਾ ਮੁਕੱਦਮੇ ਤੋਂ ਬਚਣਾ ਹੈਰਾਨੀਜਨਕ ਹੈ। ਇਸੇ ਦੌਰਾਨ ਬੇਲਾਰੂਸ ਦੇ ਇੱਕ ਸੁਤੰਤਰ ਸੈਨਿਕ ਨਿਗਾਰਨ ਪ੍ਰਾਜੈਕਟ ਬੇਲਾਰੁਸਕੀ ਹਾਜੁਨ ਨੇ ਕਿਹਾ ਕਿ ਯੇਵਗੇਨੀ ਪ੍ਰਿਗੋਜ਼ਿਨ ਵੱਲੋਂ ਕਥਿਤ ਤੌਰ ਵਰਤਿਆ ਜਾਣ ਇੱਕ ਜੈੱਟ ਜਹਾਜ਼ ਅੱਜ ਸਵੇਰੇ ਰਾਜਧਾਨੀ ਮਿੰਸਕ ਨੇੜੇ ਉੱਤਰਿਆ, ਜਦਕਿ ਵੈਗਨਰ ਮੁਖੀ ਪ੍ਰਿਗੋਜ਼ਿਨ ਦੀ ਮੀਡੀਆ ਟੀਮ ਨੇ ਇਸ ਬਾਰੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ। -ਏਪੀ
ਪੂਤਿਨ ਨੇ ਖਾਨਾਜੰਗੀ ਟਾਲਣ ਲਈ ਫੌਜ ਨੂੰ ਸਲਾਹਿਆ
ਮਾਸਕੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਪ੍ਰਾਈਵੇਟ ਸੈਨਾ ‘ਵੈਗਨਰ’ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਦੀ ਬਗ਼ਾਵਤ ਖ਼ਿਲਾਫ਼ ਤੁਰੰਤ ਕਾਰਵਾਈ ਕਰਕੇ ਖਾਨਾਜੰਗੀ ਦੀ ਸਥਿਤੀ ਟਾਲਣ ਲਈ ਅੱਜ ਫੌਜ ਅਤੇ ਕਾਨੂੰਨੀ ਏਜੰਸੀਆਂ ਦੀ ਸ਼ਲਾਘਾ ਕੀਤੀ ਹੈ। ਰਾਸ਼ਟਰਪਤੀ ਦਫ਼ਤਰ ‘ਕ੍ਰੈਮਲਿਨ’ ਵਿੱਚ ਸੈਨਿਕਾਂ ਅਤੇ ਸੁਰੱਖਿਆ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਪੂਤਿਨ ਨੇ ਵੈਗਨਰ ਗਰੁੱਪ ਦੀ ਬਗ਼ਾਵਤ ਦੌਰਾਨ ਉਨ੍ਹਾਂ ਦੀ ਕਾਰਵਾਈ ਨੂੰ ਸਲਾਹਿਆ ਅਤੇ ਕਿਹਾ, ”ਤੁਸੀਂ ਪ੍ਰਭਾਵਸ਼ਾਲੀ ਢੰਗ ਨਾਲ ਖਾਨਾਜੰਗੀ ਨੂੰ ਰੋਕ ਦਿੱਤਾ।” ਪ੍ਰਿਗੋਜ਼ਿਨ ਦਾ ਨਾਮ ਲਈ ਬਿਨਾਂ ਰਾਸ਼ਟਰਪਤੀ ਨੇ ਕਿਹਾ ਕਿ ਫੌਜ ਅਤੇ ਲੋਕਾਂ ਨੇ ਬਗ਼ਾਵਤ ਦਾ ਸਮਰਥਨ ਨਹੀਂ ਕੀਤਾ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬਗ਼ਾਵਤ ਨਾਲ ਨਜਿੱਠਣ ਲਈ ਯੂਕਰੇਨ ‘ਚ ਤਾਇਨਾਤ ਰੂਸੀ ਸੈਨਿਕਾਂ ਨੂੰ ਮੂਹਰਲੇ ਮੋਰਚੇ ਤੋਂ ਨਹੀਂ ਹਟਾਇਆ ਗਿਆ ਸੀ। -ਏਪੀ
ਪ੍ਰਿਗੋਜ਼ਿਨ ਬੇਲਾਰੂਸ ਪਹੁੰਚਿਆ: ਰਾਸ਼ਟਰਪਤੀ ਲੁਕਾਸ਼ੇਂਕੋ
ਬੇਲਾਰੂਸ: ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸ਼ੇਂਕੋ ਨੇ ਅੱਜ ਪੁਸ਼ਟੀ ਕੀਤੀ ਹੈ ਕਿ ਰੂਸ ਵਿੱਚ ਸੰਖੇਪ ਹਥਿਆਰਬੰਦ ਬਗ਼ਾਵਤ ਖਤਮ ਹੋਣ ਮਗਰੋਂ ਵੈਗਨਰ ਗਰੁੱਪ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਬੇਲਾਰੂਸ ਪਹੁੰਚ ਗਏ ਹਨ। ਲੁਕਾਸ਼ੇਂਕੋ ਨੇ ਕਿਹਾ ਕਿ ਪ੍ਰਿਗੋਜ਼ਿਨ ਬੇਲਾਰੂਸ ਪਹੁੰਚ ਗਏ ਹਨ। ੳਨ੍ਹਾਂ ਅਤੇ ਉਨ੍ਹਾਂ ਦੇ ਕੁਝ ਸੈਨਿਕਾਂ ਦੇ ਆਪਣੇ ਖਰਚ ਉੱਤੇ ‘ਕੁਝ ਸਮੇਂ ਲਈ” ਬੇਲਾਰੂਸ ਵਿੱਚ ਰਹਿਣ ਲਈ ਸਵਾਗਤ ਕੀਤਾ ਜਾਵੇਗਾ। -ਏਪੀ