ਹਮੀਰਪੁਰ/ਸ਼ਿਮਲਾ, 9 ਨਵੰਬਰ
ਹਿਮਾਚਲ ਪ੍ਰਦੇਸ਼ ਵਿੱਚ ਸਮੋਸੇ ਸਬੰਧੀ ਸਿਆਸਤ ਗਰਮਾਉਣ ਦੇ ਨਾਲ ਹੀ ਭਾਜਪਾ ਦੇ ਇੱਕ ਵਿਧਾਇਕ ਨੇ ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਲਈ 11 ਸਮੋਸੇ ਆਨਲਾਈਨ ਆਰਡਰ ਕੀਤੇ ਹਨ। ਮੁੱਖ ਮੰਤਰੀ ਲਈ ਲਿਆਂਦੇ ਸਮੋਸੇ ਉਨ੍ਹਾਂ ਦੇ ਸੁਰੱਖਿਆ ਅਮਲੇ ਨੂੰ ਪਰੋਸ ਦਿੱਤੇ ਜਾਣ ਦੇ ਹਾਲਾਤ ਦੀ ਸੀਆਈਡੀ ਵੱਲੋਂ ਕੀਤੀ ਜਾ ਰਹੀ ਜਾਂਚ ਦੇ ਮਾਮਲੇ ਉਤੇ ਤਨਜ਼ ਕਰਦਿਆਂ ਹਮੀਰਪੁਰ ਤੋਂ ਵਿਧਾਇਕ ਆਸ਼ੀਸ਼ ਸ਼ਰਮਾ ਨੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਉਂਝ ਹਾਕਮ ਪਾਰਟੀ ਕਾਂਗਰਸ ਨੇ ਕਿਹਾ ਹੈ ਕਿ ਰਾਜ ਸਰਕਾਰ ਨੇ ਅਜਿਹੀ ਕਿਸੇ ਜਾਂਚ ਦੇ ਹੁਕਮ ਨਹੀਂ ਦਿੱਤੇ ਅਤੇ ਇਹ ਸੀਆਈਡੀ ਦਾ ਅੰਦਰੂਨੀ ਮਾਮਲਾ ਹੋ ਸਕਦਾ ਹੈ। ਸੀਆਈਡੀ ਦੇ ਇੱਕ ਉੱਚ ਅਧਿਕਾਰੀ ਨੇ ਵੀ ਇਹੋ ਕਿਹਾ ਕਿ ਘਟਨਾ ਦੀ ਕਿਸੇ ਰਸਮੀ ਜਾਂਚ ਦੇ ਹੁਕਮ ਨਹੀਂ ਦਿੱਤੇ ਗਏ ਸਨ।
ਸ਼ਰਮਾ ਨੇ ਕਿਹਾ, “ਸੂਬਾ ਪਹਿਲਾਂ ਹੀ ਬੇਰੁਜ਼ਗਾਰੀ, ਵਿੱਤੀ ਸੰਕਟ, ਮੁਲਾਜ਼ਮਾਂ ਦੀ ਪੈਨਸ਼ਨ ਵਿੱਚ ਦੇਰੀ ਅਤੇ ਮਹਿੰਗਾਈ ਭੱਤੇ ਦੇ ਬਕਾਏ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਅਜਿਹੇ ਸਮੇਂ ਵਿੱਚ ਮੁੱਖ ਮੰਤਰੀ ਸੁੱਖੂ ਲਈ ਲਿਆਂਦੇ ਸਮੋਸਿਆਂ ਬਾਰੇ ਸੀਆਈਡੀ ਜਾਂਚ ਦਾ ਹੁਕਮ ਦੇਣਾ ਬਹੁਤ ਨਿਰਾਸ਼ਾਜਨਕ ਹੈ।”
ਉਨ੍ਹਾਂ ਫੇਸਬੁੱਕ ਉਤੇ ਹਿੰਦੀ ਵਿੱਚ ਪਾਈ ਇਕ ਪੋਸਟ ਵਿਚ ਕਿਹਾ ਕਿ ਜਦੋਂ ਪਹਾੜੀ ਰਾਜ ਦੇ ਲੋਕ ਆਪਣੇ ਹੱਕਾਂ ਲਈ ਲੜ ਰਹੇ ਹਨ ਤਾਂ ਸਰਕਾਰ ਨੂੰ ਅਜਿਹੇ ਛੋਟੇ-ਛੋਟੇ ਮਾਮਲਿਆਂ ‘ਤੇ ਨਹੀਂ ਸਗੋਂ ਅਸਲ ਮੁੱਦਿਆਂ ‘ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ, “ਇਸ ਦੇ ਵਿਰੋਧ ਵਿੱਚ ਮੈਂ ਮੁੱਖ ਮੰਤਰੀ ਨੂੰ 11 ਸਮੋਸੇ ਭੇਜੇ ਹਨ, ਤਾਂ ਜੋ ਮੈਂ ਉਨ੍ਹਾਂ ਨੂੰ ਯਾਦ ਦਿਵਾ ਸਕਾਂ ਕਿ ਲੋਕਾਂ ਦੀਆਂ ਅਸਲ ਸਮੱਸਿਆਵਾਂ ਨੂੰ ਹੱਲ ਕਰਨਾ ਵਧੇਰੇ ਜ਼ਰੂਰੀ ਹੈ।”
ਗ਼ੌਰਤਲਬ ਹੈ ਕਿ 21 ਅਕਤੂਬਰ ਨੂੰ ਸੁੱਖੂ ਨੇ ਸ਼ਿਮਲਾ ਸਥਿਤ ਸੀਆਈਡੀ ਹੈੱਡਕੁਆਰਟਰ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਸੀ, ਜਿੱਥੇ ਮੁੱਖ ਮੰਤਰੀ ਅੱਗੇ ਪਰੋਸੇ ਜਾਣ ਲਈ ਲਿਆਂਦੇ ਗਏ ਸਮੋਸੇ ਅਤੇ ਕੇਕ ਗ਼ਲਤੀ ਨਾਲ ਉਨ੍ਹਾਂ ਦੇ ਸਟਾਫ ਨੂੰ ਪਰੋਸ ਦਿੱਤੇ ਗਏ ਸਨ। ਇਸ ਤੋਂ ਬਾਅਦ ਸੀਆਈਡੀ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ। ਜਾਂਚ ਰਿਪੋਰਟ ‘ਤੇ ਇਕ ਸੀਨੀਅਰ ਅਧਿਕਾਰੀ ਦੁਆਰਾ ਨੋਟਿੰਗ ਵਿਚ ਕਿਹਾ ਗਿਆ ਹੈ ਕਿ ਇਹ ਕਾਰਵਾਈ ਨਾ ਸਿਰਫ਼ ਸਰਕਾਰ-ਵਿਰੋਧੀ, ਸਗੋਂ ਸੀਆਈਡੀ-ਵਿਰੋਧੀ ਸੀ।
ਧਰਮਸ਼ਾਲਾ ਤੋਂ ਭਾਜਪਾ ਵਿਧਾਇਕ ਸੁਧੀਰ ਸ਼ਰਮਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਾਂਗਰਸ ਸਰਕਾਰ ਨੇ ਹਿਮਾਚਲ ਪ੍ਰਦੇਸ਼ ਨੂੰ ਦੇਸ਼ ਵਿੱਚ ਮਜ਼ਾਕ ਦਾ ਪਾਤਰ ਬਣਾ ਦਿੱਤਾ ਹੈ। ਗ਼ੌਰਤਲਬ ਹੈ ਕਿ ਦੋਵੇਂ ਵਿਧਾਇਕ ਸੁੱਖੂ ਕੱਟੜ ਆਲੋਚਕਾਂ ਵਜੋਂ ਜਾਣੇ ਜਾਂਦੇ ਹਨ। ਉਹ ਕਾਂਗਰਸ ਦੇ ਬਾਗ਼ੀ ਅਤੇ ਆਜ਼ਾਦ 9 ਵਿਧਾਇਕਾਂ ਵਿੱਚੋਂ ਸਨ, ਜਿਨ੍ਹਾਂ ਨੇ ਸਾਲ ਦੇ ਸ਼ੁਰੂ ਵਿੱਚ ਰਾਜ ਸਭਾ ਚੋਣਾਂ ਵਿੱਚ ਕਾਂਗਰਸ ਦੇ ਖਿਲਾਫ ਵੋਟ ਪਾਈ ਸੀ। ਬਾਅਦ ਵਿੱਚ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਅਤੇ ਇਹ ਦੋਵੇਂ ਜਣੇ ਜ਼ਿਮਨੀ ਚੋਣ ਜਿੱਤ ਗਏ।
ਪ੍ਰਦੇਸ਼ ਭਾਜਪਾ ਦੇ ਉਪ-ਪ੍ਰਧਾਨ ਅਤੇ ਕਾਂਗੜਾ ਦੇ ਸੰਸਦ ਮੈਂਬਰ ਰਾਜੀਵ ਭਾਰਦਵਾਜ ਨੇ ਪੁੱਛਿਆ ਕਿ ਬਕਸੇ ਦੇ ਅੰਦਰ ਸਮੋਸੇ ਦੇ ਨਾਲ ਕੀ ਸੀ, ਜਿਸ ਨੇ ਸਰਕਾਰ ਨੂੰ ਜਾਂਚ ਦੇ ਆਦੇਸ਼ ਦੇਣ ਦੇ ਰਾਹ ਪਾਇਆ। ਭਾਰਤੀ ਜਨਤਾ ਯੁਵਾ ਮੋਰਚਾ (ਬੀਜੇਵਾਈਐਮ) ਦੀ ਸੂਬਾ ਇਕਾਈ, ਭਾਜਪਾ ਦੇ ਯੂਥ ਵਿੰਗ ਨੇ ਸ਼ਨਿੱਚਰਵਾਰ ਨੂੰ ਸ਼ਿਮਲਾ ਵਿੱਚ ਸਮੋਸੇ ਵੰਡੇ ਅਤੇ ਗੰਭੀਰ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਨ ਤੇ ਛੋਟੇ ਮਾਮਲਿਆਂ ਦੀ ਜਾਂਚ ਕਰਨ ਲਈ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਭਾਜਪਾ ਦੇ ਸੂਬਾ ਪ੍ਰਧਾਨ ਤਿਲਕ ਰਾਜ ਨੇ ਕਿਹਾ ਕਿ ਲੋਕ ਸਰਕਾਰ ਤੋਂ ਦੁਖੀ ਹਨ, ਪੜ੍ਹੇ-ਲਿਖੇ ਅਤੇ ਬੇਰੁਜ਼ਗਾਰ ਨੌਜਵਾਨਾਂ ਕੋਲ ਨੌਕਰੀਆਂ ਨਹੀਂ ਹਨ, ਪਰ ਸੀਆਈਡੀ ਸਮੋਸੇ ਨਾ ਪਰੋਸੇ ਜਾਣ ਦੀ ਜਾਂਚ ਕਰ ਰਹੀ ਹੈ।
ਕੀ ਕਹਿੰਦੇ ਨੇ ਸਰਕਾਰੀ ਅਧਿਕਾਰੀ
ਦੂਜੇ ਪਾਸੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨਰੇਸ਼ ਚੌਹਾਨ ਨੇ ਕਿਹਾ ਕਿ ਰਾਜ ਸਰਕਾਰ ਨੇ ਅਜਿਹੀ ਕਿਸੇ ਜਾਂਚ ਦਾ ਹੁਕਮ ਨਹੀਂ ਦਿੱਤਾ ਹੈ ਅਤੇ ਇਹ ਸੀਆਈਡੀ ਦਾ ਅੰਦਰੂਨੀ ਮਾਮਲਾ ਹੋ ਸਕਦਾ ਹੈ, ਏਜੰਸੀ ਦੁਆਰਾ ਵੀ ਇਹੋ ਰੁਖ ਕਾਇਮ ਰੱਖਿਆ ਗਿਆ ਹੈ। ਸੁੱਖੂ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਜਾਂਚ ਅਧਿਕਾਰੀਆਂ ਦੇ ‘ਦੁਰਾਚਾਰ’ ਦੀ ਸੀ ਪਰ ਮੀਡੀਆ ਨੇ ਇਸ ਨੂੰ ਗੁੰਮ ਹੋਏ ਸਮੋਸਿਆਂ ਦੀ ਜਾਂਚ ਦੇ ਤੌਰ ‘ਤੇ ਪੇਸ਼ ਕੀਤਾ ਅਤੇ ਦਾਅਵਾ ਕੀਤਾ ਕਿ ਜਦੋਂ ਤੋਂ ਉਨ੍ਹਾਂ ਦੀ ਪਾਰਟੀ ਨੇ ਵਿਧਾਨ ਸਭਾ ‘ਚ ਬਹੁਮਤ ਹਾਸਲ ਕੀਤਾ ਹੈ, ਉਦੋਂ ਤੋਂ ਭਾਜਪਾ ਲਗਾਤਾਰ ਕਾਂਗਰਸ ਸਰਕਾਰ ਵਿਰੁੱਧ ਮੁਹਿੰਮ ਚਲਾ ਰਹੀ ਹੈ।
ਸੀਆਈਡੀ ਦੇ ਡਾਇਰੈਕਟਰ ਜਨਰਲ ਰੰਜਨ ਓਝਾ ਨੇ ਸ਼ੁੱਕਰਵਾਰ ਨੂੰ ਸ਼ਿਮਲਾ ਵਿੱਚ ਕਿਹਾ ਕਿ ਇਹ ਇੱਕ ਅੰਦਰੂਨੀ ਮਾਮਲਾ ਸੀ। ਉਨ੍ਹਾਂ ਕਿਹਾ, ‘‘ਸਾਈਬਰ-ਅਪਰਾਧ ਵਿੰਗ ਲਈ ਇੱਕ ਡੇਟਾ ਸੈਂਟਰ ਦੀ ਸ਼ੁਰੂਆਤ ਬਾਰੇ ਸਮਾਗਮ ਵਿੱਚ ਮੁੱਖ ਮੰਤਰੀ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਘਟਨਾ ਤੋਂ ਬਾਅਦ, ਅਧਿਕਾਰੀ ਚਾਹ ਪੀ ਰਹੇ ਸਨ। ਇਸ ਦੌਰਾਨ ਕਿਸੇ ਨੇ ਪੁੱਛਿਆ ਕਿ ਸਮਾਗਮ ਲਈ ਖਾਣ ਪੀਣ ਵਾਸਤੇ ਲਿਆਂਦਾ ਗਿਆ ਸਾਮਾਨ ਕਿੱਥੇ ਗਿਆ? ਤਾਂ ਅਸੀਂ ਕਿਹਾ – ‘ਪਤਾ ਕਰੋ ਕੀ ਹੋਇਆ।”
ਉਨ੍ਹਾਂ ਹੋਰ ਕਿਹਾ, ‘‘ਨਾ ਤਾਂ ਅਸੀਂ ਕੋਈ ਨੋਟਿਸ ਜਾਰੀ ਕੀਤਾ ਹੈ ਅਤੇ ਨਾ ਹੀ ਕੋਈ ਸਪੱਸ਼ਟੀਕਰਨ ਮੰਗਿਆ ਹੈ। ਇਸ ਮਾਮਲੇ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ ਹੈ। ਅਸੀਂ ਸਿਰਫ਼ ਸਪੱਸ਼ਟੀਕਰਨ ਮੰਗਿਆ ਹੈ ਕਿ ਕੀ ਹੋਇਆ ਸੀ ਅਤੇ ਲਿਖਤੀ ਰਿਪੋਰਟ ਦਿੱਤੀ ਗਈ ਸੀ। ਸਾਡਾ ਕਿਸੇ ਵਿਰੁੱਧ ਕਾਰਵਾਈ ਕਰਨ ਦਾ ਕੋਈ ਇਰਾਦਾ ਨਹੀਂ ਹੈ।” -ਪੀਟੀਆਈ