ਮੁੰਬਈ, 4 ਨਵੰਬਰ
Share Market: ਅਮਰੀਕੀ ਰਾਸ਼ਟਰਪਤੀ ਚੋਣਾਂ ਅਤੇ ਫੈਡਰਲ ਰਿਜ਼ਰਵ ਦੇ ਵਿਆਜ ਦਰ ਦੇ ਫੈਸਲੇ ਤੋਂ ਪਹਿਲਾਂ ਰਿਲਾਇੰਸ ਇੰਡਸਟਰੀਜ਼ ਅਤੇ ਸਾਵਧਾਨ ਨਿਵੇਸ਼ਕਾਂ ਕਾਰਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ ਇਕਵਿਟੀ ਸੂਚਕ ਸੈਂਸੈਕਸ ਅਤੇ ਨਿਫ਼ਟੀ ਵਿੱਚ ਗਿਰਾਵਟ ਆਈ। ਬੀਐੱਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ’ਚ 665.27 ਅੰਕ ਡਿੱਗ ਕੇ 79,058.85 ’ਤੇ ਆ ਗਿਆ। ਐੱਨਐੱਸਈ ਨਿਫ਼ਟੀ 229.4 ਅੰਕ ਡਿੱਗ ਕੇ 24,074.95 ਦੇ ਪੱਧਰ ’ਤੇ ਆਇਆ। 30 ਸ਼ੇਅਰਾਂ ਵਾਲੇ ਸੈਂਸੈਕਸ ਪੈਕ ਵਿੱਚੋਂ ਸਨ ਫਾਰਮਾ, ਰਿਲਾਇੰਸ ਇੰਡਸਟਰੀਜ਼, ਇੰਫੋਸਿਸ, ਟਾਟਾ ਮੋਟਰਜ਼, ਇਨਫੋਸਿਸ, ਟਾਈਟਨ, ਮਾਰੂਤੀ ਅਤੇ ਐਨਟੀਪੀਸੀ ਵਰਗੇ ਪ੍ਰਮੁੱਖ ਸ਼ੇਅਰ ਪਛੜ ਗਏ।
ਵਿਦੇਸ਼ੀ ਨਿਵੇਸ਼ਕਾਂ ਨੇ ਅਕਤੂਬਰ ਵਿੱਚ ਭਾਰਤੀ ਸਟਾਕ ਮਾਰਕੀਟ ਤੋਂ 94,000 ਕਰੋੜ ਰੁਪਏ (ਲਗਭਗ 11.2 ਬਿਲੀਅਨ ਡਾਲਰ) ਕੱਢ ਲਏ, ਜਿਸ ਨਾਲ ਘਰੇਲੂ ਇਕੁਇਟੀ ਦੇ ਉੱਚੇ ਮੁੱਲਾਂਕਣ ਅਤੇ ਚੀਨੀ ਸਟਾਕਾਂ ਦੇ ਆਕਰਸ਼ਕ ਮੁਲਾਂਕਣ ਕਾਰਨ ਇਹ ਆਊਟਫਲੋ ਦੇ ਮਾਮਲੇ ਵਿੱਚ ਹੁਣ ਤੱਕ ਦਾ ਸਭ ਤੋਂ ਖਰਾਬ ਮਹੀਨਾ ਬਣ ਗਿਆ। ਏਸ਼ੀਆਈ ਬਾਜ਼ਾਰਾਂ ’ਚ ਸਿਓਲ, ਸ਼ੰਘਾਈ ਅਤੇ ਹਾਂਗਕਾਂਗ ’ਚ ਤੇਜ਼ੀ ਦੇਖਣ ਨੂੰ ਮਿਲੀ। ਅਮਰੀਕੀ ਬਾਜ਼ਾਰ ਸ਼ੁੱਕਰਵਾਰ ਨੂੰ ਸਕਾਰਾਤਮਕ ਖੇਤਰ ’ਚ ਬੰਦ ਹੋਏ ਸਨ।
ਪ੍ਰਮੁੱਖ ਸਟਾਕ ਐਕਸਚੇਂਜਾਂ ਬੀਐੱਸਈ ਅਤੇ ਐੱਨਐੱਸਈ ਨੇ 1 ਨਵੰਬਰ ਨੂੰ ਦੀਵਾਲੀ ਦੇ ਮੌਕੇ ’ਇੱਕ ਘੰਟੇ ਦੇ ਵਿਸ਼ੇਸ਼ ‘ਮੁਹੂਰਤ ਵਪਾਰ’ ਸੈਸ਼ਨ ਦਾ ਆਯੋਜਨ ਕੀਤਾ, ਜੋ ਕਿ ਨਵੇਂ ਸੰਵਤ 2081 ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਸ਼ੁੱਕਰਵਾਰ ਨੂੰ ਵਿਸ਼ੇਸ਼ ਮੁਹੂਰਤ ਵਪਾਰਕ ਸੈਸ਼ਨ ਮੌਕੇ ਨਿਫਟੀ 99 ਅੰਕ ਵਧ ਕੇ 24,304.35 ‘ਤੇ ਪਹੁੰਚ ਗਿਆ ਸੀ। –ਪੀਟੀਆਈ