ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 4 ਨਵੰਬਰ
ਮੁੱਖ ਅੰਸ਼
- ਹਮਲਾਵਰ ਨੂੰ ਪੁਲੀਸ ਨੇ ਕੀਤਾ ਗ੍ਰਿਫ਼ਤਾਰ; ਪਿਸਤੌਲ ਬਰਾਮਦ
- ਘਟਨਾ ਵਾਲੀ ਥਾਂ ਤੋਂ ਅੰਮ੍ਰਿਤਪਾਲ ਦੇ ਸਟਿੱਕਰ ਲੱਗੀ ਕਾਰ ਵੀ ਮਿਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਥੇ ਡੇਰਾ ਬਿਆਸ ਵਿਖੇ ਦੌਰਾ ਕਰਨ ਤੋਂ ਇਕ ਦਿਨ ਪਹਿਲਾਂ ਅੱਜ ਅੰਮ੍ਰਿਤਸਰ ਵਿਚ ਸ਼ਿਵ ਸੈਨਾ ਦੇ ਹਿੰਦੂ ਆਗੂ ਸੁਧੀਰ ਸੂਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੂਰੀ ‘ਤੇ ਜਦੋਂ ਹਮਲਾ ਹੋਇਆ ਤਾਂ ਉਹ ਆਪਣੇ ਸਮਰਥਕਾਂ ਦੇ ਨਾਲ ਇਥੇ ਮਜੀਠਾ ਰੋਡ ਵਿਖੇ ਗੋਪਾਲ ਮੰਦਰ ਦੇ ਨੇੜੇ ਰੋਸ ਪ੍ਰਦਰਸ਼ਨ ਕਰ ਰਿਹਾ ਸੀ। ਪੁਲੀਸ ਨੇ ਇਸ ਮਾਮਲੇ ਵਿਚ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਸ਼ਨਾਖ਼ਤ ਸੰਦੀਪ ਸਿੰਘ ਵਜੋਂ ਹੋਈ ਹੈ। ਉਹ ਇਸੇ ਇਲਾਕੇ ਵਿੱਚ ਕੱਪੜੇ ਦੀ ਦੁਕਾਨ ਚਲਾਉਂਦਾ ਹੈ। ਚਸ਼ਮਦੀਦਾਂ ਮੁਤਾਬਕ ਇਹ ਘਟਨਾ ਪੁਲੀਸ ਦੀ ਹਾਜ਼ਰੀ ਵਿੱਚ ਵਾਪਰੀ ਹੈ ਅਤੇ ਸੂਰੀ ਤੇ ਉਸ ਦੇ ਸਮਰਥਕ ਉਸ ਵੇਲੇ ਪੁਲੀਸ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਸਨ। ਇਸੇ ਦੌਰਾਨ ਹਮਲਾਵਰ ਆਇਆ ਅਤੇ ਉਸ ਨੇ ਸੁਧੀਰ ਸੂਰੀ ‘ਤੇ ਗੋਲੀਆਂ ਚਲਾ ਦਿੱਤੀਆਂ। ਸ਼ਿਵ ਸੈਨਾ ਆਗੂ ਜ਼ਖ਼ਮੀ ਹੋ ਕੇ ਹੇਠਾਂ ਡਿੱਗ ਪਿਆ। ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਹਮਲੇ ਤੋਂ ਬਾਅਦ ਗੋਲੀ ਚਲਾਉਣ ਵਾਲਾ ਵਿਅਕਤੀ ਨੇੜੇ ਦੇ ਇਕ ਘਰ ਵਿੱਚ ਦਾਖ਼ਲ ਹੋ ਗਿਆ ਸੀ ਜਿੱਥੇ ਸੂਰੀ ਦੇ ਸਮਰਥਕਾਂ ਨੇ ਵੀ ਉਸ ਉਪਰ ਗੋਲੀ ਚਲਾਈ। ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਦੱਸਿਆ ਕਿਹਾ ਕਿ ਹਮਲਾਵਰ ਕੋਲੋਂ ਪਿਸਤੌਲ ਬਰਾਮਦ ਕਰ ਲਈ ਗਈ ਹੈ ਅਤੇ ਇਹ ਲਾਇਸੈਂਸੀ ਪਿਸਤੌਲ ਹੈ। ਪੁਲੀਸ ਨੇ ਮੌਕੇ ਤੋਂ ਇਕ ਕਾਰ ਵੀ ਬਰਾਮਦ ਕੀਤੀ ਹੈ ਜਿਸ ਰਾਹੀਂ ਹਮਲਾਵਰ ਇੱਥੇ ਪੁੱਜਾ ਸੀ। ਕਾਰ ਦੇ ਉਪਰ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਸਟਿੱਕਰ ਲੱਗੇ ਹੋਏ ਹਨ ਅਤੇ ਉਸ ਵਿਚੋਂ ਗਰਮਖਿਆਲੀਆਂ ਦੀ ਕੁਝ ਸਮੱਗਰੀ ਵੀ ਮਿਲੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਵੱਡੀ ਗਿਣਤੀ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। ਸੂਰੀ ਦੇ ਸਮਰਥਕਾਂ ਵੱਲੋਂ ਬਾਅਦ ਵਿੱਚ ਸੜਕ ‘ਤੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਲੋਕਾਂ ਨੇ ਦੱਸਿਆ ਕਿ ਮਜੀਠਾ ਰੋਡ ਸਥਿਤ ਕਸ਼ਮੀਰ ਐਵੇਨਿਊ ਵਿਖੇ ਇਸ ਮੰਦਰ ਦੇ ਨੇੜੇ ਕੁਝ ਮੂਰਤੀਆਂ ਅਤੇ ਪੋਸਟਰ ਕੂੜੇ ‘ਚ ਸੁੱਟ ਕੇ ਬੇਅਦਬੀ ਕੀਤੀ ਗਈ ਸੀ। ਸੂਚਨਾ ਮਿਲਣ ਤੋਂ ਬਾਅਦ ਸੁਧੀਰ ਸੂਰੀ ਅਤੇ ਉਸ ਦੇ ਸਮਰਥਕ ਇੱਥੇ ਰੋਸ ਪ੍ਰਦਰਸ਼ਨ ਲਈ ਪੁੱਜੇ ਸਨ। ਉਨ੍ਹਾਂ ਪਹਿਲਾਂ ਇੱਥੇ ਮੰਦਿਰ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਅਤੇ ਮਸਲਾ ਹੱਲ ਨਾ ਹੋਣ ‘ਤੇ ਮੰਦਰ ਦੇ ਨੇੜੇ ਹੀ ਧਰਨਾ ਲਾ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਏਸੀਪੀ ਵਰਿੰਦਰ ਸਿੰਘ ਖੋਸਾ ਅਤੇ ਐੱਸਐੱਚਓ ਸਮੇਤ ਹੋਰ ਪੁਲੀਸ ਅਧਿਕਾਰੀ ਮਸਲੇ ਨੂੰ ਹੱਲ ਕਰਾਉਣ ਲਈ ਮੌਕੇ ‘ਤੇ ਪੁੱਜੇ ਸਨ। ਜਦੋਂ ਮਸਲੇ ਨੂੰ ਸੁਲਝਾਉਣ ਲਈ ਗੱਲਬਾਤ ਚੱਲ ਰਹੀ ਸੀ ਤਾਂ ਇਸ ਦੌਰਾਨ ਹਮਲਾਵਰ ਨੇ ਸੁਧੀਰ ਸੂਰੀ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਅਧਿਕਾਰੀਆਂ ਨੇ ਆਖਿਆ ਕਿ ਇਸ ਘਟਨਾ ਪਿਛਲੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਡੀਜੀਪੀ ਵੱਲੋਂ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਕਾਰਵਾਈ ਦੀ ਚਿਤਾਵਨੀ
ਚੰਡੀਗੜ੍ਹ (ਟਨਸ): ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੇਰ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਕਰਿਦਆਂ ਕਿਹਾ ਕਿ ਅੰਮ੍ਰਿਤਸਰ ਵਿੱਚ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਕੁਝ ਵਿਅਕਤੀਆਂ ਵੱਲੋਂ ਸੋਸ਼ਲ ਮੀਡੀਆ ਉੱਤੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜਿਸ ਨਾਲ ਸਮਾਜ ਦਾ ਮਾਹੌਲ ਖਰਾਬ ਹੋ ਸਕਦਾ ਹੈ। ਡੀਜੀਪੀ ਨੇ ਸੋਸ਼ਲ ਮੀਡੀਆ ਉੱਤੇ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਕੂੜ ਪ੍ਰਚਾਰ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਲੈਟਫਾਰਮਾਂ ਜਾਂ ਸੋਸ਼ਲ ਮੀਡੀਆ ‘ਤੇ ਗ਼ੈਰ-ਪ੍ਰਮਾਣਿਤ ਖਬਰਾਂ ਪੋਸਟ ਕਰਨ ਤੋਂ ਗੁਰੇਜ਼ ਕਰਨ ਤਾਂ ਜੋ ਮਾਹੌਲ ਸ਼ਾਂਤ ਰੱਖਿਆ ਜਾ ਸਕੇ।
‘ਮੰਦਿਰ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਿਹਾ ਸੀ ਵਿਵਾਦ’
ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਆਖਿਆ ਕਿ ਗੋਪਾਲ ਮੰਦਿਰ ਦੀ ਪ੍ਰਬੰਧਕੀ ਕਮੇਟੀ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਇਹ ਵਿਵਾਦ ਪਿਛਲੇ ਲਗਪਗ ਇੱਕ ਮਹੀਨੇ ਤੋਂ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸੇ ਸਬੰਧ ਵਿਚ ਹੀ ਅੱਜ ਸੂਰੀ ਧੜੇ ਵੱਲੋਂ ਮੰਦਰ ਨੇੜੇ ਧਰਨਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਧਰਨੇ ਦੌਰਾਨ ਹੀ ਦੋਵਾਂ ਧਿਰਾਂ ਦਰਮਿਆਨ ਤਕਰਾਰ ਤੇ ਝਗੜਾ ਵੀ ਹੋਇਆ ਸੀ। ਇਸੇ ਦੌਰਾਨ ਹੀ ਇੱਕ ਵਿਅਕਤੀ ਨੇ ਸੂਰੀ ਉੱਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਿਆ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਉਧਰ ਡੀਜੀਪੀ ਗੌਰਵ ਯਾਦਵ ਨੇ ਖੁਲਾਸਾ ਕੀਤਾ ਕਿ ਗ੍ਰਿਫ਼ਤਾਰ ਕੀਤਾ ਵਿਅਕਤੀ ਸੰਦੀਪ ਸਿੰਘ ਸੰਨੀ ਕੋਟ ਬਾਬਾ ਦੀਪ ਸਿੰਘ ਕਾਲੋਨੀ ਦਾ ਰਹਿਣ ਵਾਲਾ ਹੈ।
ਉਸ ਦੀ ਗੋਪਾਲ ਮੰਦਿਰ ਨੇੜੇ ਹੀ ਕੱਪੜੇ ਦੀ ਦੁਕਾਨ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਤਹਿ ਤੱਕ ਜਾਵੇਗੀ। ਹਲਕੇ ਦੇ ਵਿਧਾਇਕ ਅਤੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਦੋਸ਼ ਲਾਇਆ ਕਿ ਇਹ ਹਮਲਾ ਪੁਲੀਸ ਪ੍ਰਣਾਲੀ ਦੇ ਫੇਲ੍ਹ ਹੋਣ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਠੱਪ ਹੋ ਚੁੱਕੀ ਹੈ ਅਤੇ ਪੁਲੀਸ ਕਮਿਸ਼ਨਰ ਨੂੰ ਬਰਤਰਫ਼ ਕੀਤਾ ਜਾਣਾ ਚਾਹੀਦਾ ਹੈ। ਵਿਧਾਇਕ ਨੇ ਦੱਸਿਆ ਕਿ ਇਸ ਸਬੰਧ ਵਿਚ ਉਨ੍ਹਾਂ ਮੁੱਖ ਮੰਤਰੀ ਅਤੇ ਡੀਜੀਪੀ ਨਾਲ ਵੀ ਗੱਲ ਕੀਤੀ ਹੈ। ਜ਼ਿਲ੍ਹਾ ਭਾਜਪਾ ਪ੍ਰਧਾਨ ਸੁਰੇਸ਼ ਮਹਾਜਨ ਨੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਦਿਨ ਦਹਾੜੇ ਹੱਤਿਆ ਦੀ ਸਖ਼ਤ ਨਿੰਦਾ ਕਰਦਿਆਂ ਇਸ ਘਟਨਾ ਲਈ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਸ ਵੇਲੇ ਤੋਂ ਕਈ ਅਹਿਮ ਲੋਕਾਂ ਦੇ ਕਤਲ ਹੋ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਨੂੰ ਮੁੜ ਕਾਲੇ ਦਿਨਾਂ ਵੱਲ ਧੱਕਿਆ ਜਾ ਰਿਹਾ ਹੈ। ਇਸ ਦੌਰਾਨ ਭਲਕੇ ਪੰਜ ਨਵੰਬਰ ਨੂੰ ਪੰਜਾਬ ਬੰਦ ਦੀ ਚੱਲ ਰਹੀ ਚਰਚਾ ਨੂੰ ਲੈ ਕੇ ਕਈ ਸਕੂਲਾਂ ਦੇ ਪ੍ਰਬੰਧਕਾਂ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।