ਪ੍ਰਭੂ ਦਿਆਲ
ਸਿਰਸਾ, 21 ਜੁਲਾਈ
ਘੱਗਰ ਮਗਰੋਂ ਹੁਣ ਰੰਗੋਈ ਨਾਲਾ ਲੋਕਾਂ ਲਈ ਮੁਸੀਬਤ ਬਣ ਗਿਆ ਹੈ। ਥਾਂ-ਥਾਂ ਤੋਂ ਰੰਗੋਈ ਨਾਲੇ ਦੇ ਟੁੱਟ ਰਹੇ ਬੰਨ੍ਹਾਂ ਕਾਰਨ ਦਰਜਨਾਂ ਪਿੰਡਾਂ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ। ਨਾਲੇ ਦਾ ਪਾਣੀ ਹੁਣ ਪਿੰਡ ਸਿਕੰਦਰਪੁਰ ਨੇੜੇ ਪਾਣੀ ਨੈਸ਼ਨਲ ਹਾਈਵੇਅ ਨੰਬਰ 9 ’ਤੇ ਚੜ੍ਹ ਗਿਆ ਹੈ। ਇਸ ਕਾਰਨ ਹਿਸਾਰ ਦਿੱਲੀ ਨੂੰ ਜਾਣ ਵਾਲੇ ਸੜਕ ਦੇ ਇੱਕ ਪਾਸੇ ਨੂੰ ਬੰਦ ਕਰ ਦਿੱਤਾ ਗਿਆ ਹੈ। ਸ਼ਹਿਰੀ ਆਬਾਦੀ ਨੂੰ ਰੰਗੋਈ ਨਾਲੇ ਦੇ ਪਾਣੀ ਤੋਂ ਬਚਾਉਣ ਲਈ ਪ੍ਰਸ਼ਾਸਨ ਵੱਲੋਂ ਪਿੰਡ ਵੈਦਵਾਲਾ ਤੇ ਬਾਜੇਕਾਂ ਨੂੰ ਜਾਣ ਵਾਲੀ ਸੜਕ ’ਤੇ ਬੰਨ੍ਹ ਬਣਾਇਆ ਜਾ ਰਿਹਾ ਹੈ। ਉਧਰ, ਘੱਗਰ ਦੇ ਹੜ੍ਹ ਕਾਰਨ ਸਿਰਸਾ ਜ਼ਿਲ੍ਹਾ ਦੇ ਕਰੀਬ 15 ਹਜ਼ਾਰ ਏਕੜ ਰਕਬੇ ’ਚ ਬੀਜੀ ਫ਼ਸਲ ਪਾਣੀ ’ਚ ਡੁੱਬ ਚੁੱਕੀ ਹੈ ਅਤੇ ਅੱਧੀ ਦਰਜਨ ਪਿੰਡਾਂ ਦੇ ਬਾਹਰੀ ਇਲਾਕੇ ’ਚ ਜਿਥੇ ਪਾਣੀ ਦਾਖ਼ਲ ਹੋ ਗਿਆ ਹੈ ਉਥੇ ਹੀ ਦਰਜਨਾਂ ਢਾਣੀਆਂ ਪਾਣੀ ’ਚ ਘਿਰ ਗਈਆਂ ਹਨ।