ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਜਨਵਰੀ
ਇਥੇ ਬੀਤੀ ਰਾਤ ਕਾਲਕਾ ਜੀ ਮੰਦਰ ਵਿੱਚ ਜਾਗਰਣ ਦੌਰਾਨ ਹੋਏ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਜਦੋਂ ਕਿ 17 ਸ਼ਰਧਾਲੂ ਜ਼ਖ਼ਮੀ ਹੋ ਗਏ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਾਦਸੇ ’ਤੇ ਦੁਖ ਜਤਾਇਆ ਹੈ। ਜਾਣਕਾਰੀ ਮੁਤਾਬਕ 28 ਜਨਵਰੀ ਦੀ ਤੜਕੇ ਦਿੱਲੀ ਦੇ ਕਾਲਕਾਜੀ ਮੰਦਰ ਦੇ ਮਹੰਤ ਕੈਂਪ ਵਿੱਚ ਜਾਗਰਣ ਦੌਰਾਨ ਲੱਕੜ ਤੇ ਲੋਹੇ ਦੇ ਫਰੇਮ ਨਾਲ ਬਣੀ ਸਟੇਜ ਢਹਿਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ 17 ਹੋਰ ਲੋਕ ਜ਼ਖ਼ਮੀ ਹੋ ਗਏ। ਜਾਗਰਣ ਲਈ 1500-1600 ਲੋਕ ਇਕੱਠੇ ਹੋਏ ਸਨ। ਪੁਲੀਸ ਮੁਤਾਬਕ ਸਮਾਗਮ ਕਰਵਾਉਣ ਲਈ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਸੀ, ਹਾਲਾਂਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲੋੜੀਂਦਾ ਸਟਾਫ਼ ਤਾਇਨਾਤ ਕੀਤਾ ਗਿਆ ਸੀ। ਦਿੱਲੀ ਪੁਲੀਸ ਦੀ ਕ੍ਰਾਈਮ ਟੀਮ ਨੇ ਮੌਕੇ ਦਾ ਦੌਰਾ ਕੀਤਾ। ਪੁਲੀਸ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਹੈ ਜਦਕਿ ਕੁਝ ਦੀਆਂ ਹੱਡੀਆਂ ਟੁੱਟ ਗਈਆਂ ਹਨ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪ੍ਰਬੰਧਕਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕੇਜਰੀਵਾਲ ਨੇ ਐਕਸ ਉੱਤੇ ਇਕ ਪੋਸਟ ਵਿੱਚ ਕਿਹਾ, ‘‘ਕਾਲਕਾਜੀ ਮੰਦਰ ਦੇ ਜਾਗਰਣ ਦੌਰਾਨ ਬੀਤੀ ਰਾਤ ਵਾਪਰਿਆ ਹਾਦਸਾ ਬਹੁਤ ਹੀ ਦੁਖਦਾਈ ਹੈ। ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ, ਉਸ ਦੀ ਆਤਮਾ ਨੂੰ ਸ਼ਾਂਤੀ ਮਿਲੇ। ਮੈਂ 17 ਜ਼ਖਮੀ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।’’ ਕੇਜਰੀਵਾਲ ਨੇ ਸੁਰੱਖਿਆ ਵੱਲ ਧਿਆਨ ਦੇਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ, ‘‘ਮੈਂ ਦਿੱਲੀ ਦੇ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕਿਸੇ ਵੀ ਤਰ੍ਹਾਂ ਦੇ ਵੱਡੇ ਸਮਾਗਮ ਵਿੱਚ ਸੁਰੱਖਿਆ ਦੇ ਮਾਪਦੰਡਾਂ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਅਜਿਹੇ ਪ੍ਰਬੰਧ ਕਰਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।’’