ਆਦਿਤੀ ਟੰਡਨ
ਸ਼ਿਮਲਾ, 4 ਨਵੰਬਰ
ਹਿਮਾਚਲ ਪ੍ਰਦੇਸ਼ ਅਸੈਂਬਲੀ ਲਈ 12 ਨਵੰਬਰ ਨੂੰ ਪੋਲਿੰਗ ਹੋਣੀ ਹੈ। ਵੋਟਿੰਗ ਦਾ ਦਿਨ ਨੇੜੇ ਆਉਂਦੇ ਹੀ, ਸਿਆਸੀ ਪਾਰਟੀਆਂ ਤੇ ਉਮੀਦਵਾਰ, ਮਹਿਲਾ ਵੋਟਰਾਂ ਨਾਲ ਨੇੜਿਓਂ ਰਾਬਤਾ ਰੱਖਣ ਲਈ ਨਵੀਆਂ ਜੁਗਤਾਂ ਘੜਨ ਵਿੱਚ ਰੁੱਝੇ ਹਨ। ਪਹਾੜੀ ਸੂਬੇ ‘ਚ ਮਹਿਲਾ ਵੋਟਰਾਂ ਦੀ ਗਿਣਤੀ ਬਹੁਤ ਅਹਿਮ ਹੈ, ਕਿਉਂਕਿ 1998 ਵਿੱਚ ਪਹਿਲੀ ਵਾਰ ਇਸ ਵਰਗ ਨੇ ਗਿਣਤੀ ਪੱਖੋਂ ਪੁਰਸ਼ ਵੋਟਰਾਂ ਨੂੰ ਪਛਾੜਿਆ ਸੀ। ਮਹਿਲਾ ਵੋਟਰਾਂ ਵੱਲੋਂ ਭਲਾਈ ਸਕੀਮਾਂ ‘ਚ ਆਪਣੀ ਹਿੱਸੇਦਾਰੀ ਦੀ ਮੰਗ ਕੀਤੇ ਜਾਣ ਕਰਕੇ ਸਿਆਸੀ ਪਾਰਟੀਆਂ ਵੱਡੇ ਵੱਡੇ ਵਾਅਦੇ ਕਰਨ ਲਈ ਮਜਬੂਰ ਹਨ। ਪੋਲਿੰਗ ਅਗਲੇ ਹਫ਼ਤੇ ਹੈ, ਪਰ ਮਹਿਲਾਵਾਂ ਨੇ ਅਜੇ ਤਕ ਆਪਣੇ ਪੱਤੇ ਨਹੀਂ ਖੋਲ੍ਹੇ। ਮਹਿਲਾਵਾਂ ਦੀ ਅਹਿਮੀਅਤ ਇਨ੍ਹਾਂ ਚੋਣਾਂ ਵਿੱਚ ਫੈਸਲਾਕੁਨ ਸਾਬਤ ਹੋਵੇਗੀ। 1998 ਵਿੱਚ 70.26 ਫੀਸਦ ਪੁਰਸ਼ਾਂ ਦੇ ਮੁਕਾਬਲੇ 72.21 ਫੀਸਦ ਮਹਿਲਾਵਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਸੀ। ਇਸ ਮਗਰੋਂ ਪਾਸਾ ਮਹਿਲਾਵਾਂ ਵੱਲ ਝੁਕਦਾ ਗਿਆ। ਪੰਜ ਸਾਲ ਪਹਿਲਾਂ ਇਹ ਅੰਕੜਾ 77.92 (ਮਹਿਲਾਵਾਂ) ਤੇ 71.6 (ਪੁਰਸ਼) ਫੀਸਦ ਸੀ।
ਮਹਿਲਾਵਾਂ ਨੇ ਵੋਟਰ ਸੂਚੀ ਵਿੱਚ ਆਪਣੀ ਸਥਿਤੀ ਨੂੰ ਪਹਿਲਾਂ ਨਾਲੋਂ ਮਜ਼ਬੂਤ ਕੀਤਾ ਹੈ, ਜਿਸ ਕਰਕੇ ਸਿਆਸੀ ਪਾਰਟੀਆਂ ਚੋਣ ਵਾਅਦੇ ਉਨ੍ਹਾਂ ਨੂੰ ਧਿਆਨ ‘ਚ ਰੱਖ ਕੇ ਕਰਦੀਆਂ ਹਨ। ਆਮ ਆਦਮੀ ਪਾਰਟੀ ਨੇ ਸਾਰੀਆਂ ਬਾਲਗ ਮਹਿਲਾਵਾਂ ਨੂੰ ਮਾਸਿਕ 1000 ਰੁਪਏ ਦੇਣ ਦਾ ਚੋਣ ਵਾਅਦਾ ਕੀਤਾ, ਤਾਂ ਕਾਂਗਰਸ ਨੇ ਇਕ ਕਦਮ ਹੋਰ ਅੱਗੇ ਜਾਂਦਿਆਂ ਇਹ ਰਾਸ਼ੀ 1500 ਰੁਪਏ ਮਾਸਿਕ ਕਰ ਦਿੱਤੀ। ਡਲਹੌਜ਼ੀ ਤੋਂ ਛੇ ਵਾਰ ਕਾਂਗਰਸ ਵਿਧਾਇਕ ਰਹੀ ਆਸ਼ਾ ਕੁਮਾਰੀ ਨੇ ਕਿਹਾ, ”ਮਹਿਲਾ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਪੈਸੇ ਦਾ ਪ੍ਰਬੰਧ ਕਰਨਾ ਔਖਾ ਹੁੰਦਾ ਹੈ ਜਾਂ ਫਿਰ ਵਿਧਵਾ ਜਾਂ ਇਕੱਲੀ ਮਾਂ ਨੂੰ ਵਿੱਤੀ ਸਹਾਇਤਾ ਦੀ ਲੋੜ ਪੈਂਦੀ ਹੈ। ਕਾਂਗਰਸ ਵੱਲੋਂ ਦਿੱਤੀ 1500 ਰੁਪਏ ਮਾਸਿਕ ਦੀ ਗਾਰੰਟੀ ਸਾਰੀਆਂ ਮਹਿਲਾਵਾਂ ਦੀ ਲੋੜ ਨੂੰ ਪੂਰਾ ਕਰੇਗੀ।” ਉਧਰ ਸੱਤਾਧਾਰੀ ਭਾਜਪਾ ਨੇ ਚੋਣ ਪ੍ਰਚਾਰ ਦੌਰਾਨ ਮਹਿਲਾਵਾਂ ਦੁਆਲੇ ਕੇਂਦਰਤ ਸਕੀਮਾਂ ‘ਤੇ ਟੇਕ ਰੱਖੀ ਹੋਈ ਹੈ, ਜੋ ਮੁੱਖ ਮੰਤਰੀ ਜੈਰਾਮ ਠਾਕੁਰ ਦੇ ਕਾਰਜਕਾਲ ‘ਚ ਸ਼ੁਰੂ ਹੋਈਆਂ। ਇਸ ਫਹਿਰਿਸਤ ‘ਚ ‘ਨਾਰੀ ਕੋ ਨਮਨ’ ਸੱਜਰੀ ਸਕੀਮ ਹੈ, ਜਿਸ ਤਹਿਤ ਮਹਿਲਾ ਯਾਤਰੀਆਂ ਨੂੰ ਬੱਸ ਕਿਰਾਏ ‘ਚ 50 ਫੀਸਦ ਦੀ ਛੋਟ ਮਿਲੇਗੀ। ਭਾਜਪਾ ਵੱਲੋਂ ਮਹਿਲਾ ਵੋਟਰਾਂ ਨੂੰ ਖਿੱਚਣ ਲਈ ਕੇਂਦਰ ਦੀ ਉਜਵਲਾ ਯੋਜਨਾ, ਮੁੱਖ ਮੰਤਰੀ ਸ਼ਗਨ ਯੋਜਨਾ, ਮੁੱਖ ਮੰਤਰੀ ਕੰਨਿਆਦਾਨ ਯੋਜਨਾ ਆਦਿ ਦਾ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹੈ। ਭਾਜਪਾ ਦੇ ਕੌਮੀ ਤਰਜਮਾਨ ਕੇ.ਕੇ.ਸ਼ਰਮਾ, ਜੋ ਚੋਣਾਂ ਲਈ ਹਿਮਾਚਲ ‘ਚ ਹਨ, ਨੇ ਕਿਹਾ, ”ਭਾਜਪਾ ਨੇ ਹਮੇਸ਼ਾ ਮਹਿਲਾਵਾਂ ਦੇ ਸ਼ਕਤੀਕਰਨ ਤੇ ਭਲਾਈ ਲਈ ਕੰਮ ਕੀਤਾ ਹੈ। ਉਜਵਲਾ ਸਕੀਮ ਲਾਗੂ ਕੀਤੇ ਜਾਣ ਕਰਕੇ ਹਿਮਾਚਲ ਪਹਿਲਾਂ ਧੂੰਆਂ ਮੁਕਤ ਸੂਬਾ ਬਣਿਆ ਹੈ।”