ਜੈਪੁਰ, 19 ਨਵੰਬਰ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਰਾਜਸਥਾਨ ਦੇ ਬੂੰਦੀ ਵਿੱਚ ਅੱਜ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਨੂੰ ਬਦਲਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਭਾਰਤ ਮਾਤਾ ਦੀ ਜੈ’ ਕਹਿਣ ਦੀ ਥਾਂ ‘ਅਡਾਨੀ ਜੀ ਦੀ ਜੈ’ ਕਹਿਣਾ ਚਾਹੀਦਾ ਹੈ। ਜਾਤੀ ਆਧਾਰਿਤ ਜਨਗਣਨਾ ਦੀ ਹਮਾਇਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਵੇਂ ਕੁਝ ਵੀ ਹੋ ਜਾਵੇ ਪ੍ਰਧਾਨ ਮੰਤਰੀ ਮੋਦੀ ਜਾਤੀ ਆਧਾਰਿਤ ਗਣਨਾ ਨਹੀਂ ਕਰਵਾ ਸਕਦੇ ਕਿਉਂਕਿ ਉਹ ਅਡਾਨੀ ਲਈ ਹੀ ਕੰਮ ਕਰਦੇ ਹਨ। ਉਨ੍ਹਾਂ ਕਿਹਾ ਜਾਤੀ ਦੇ ਆਧਾਰ ’ਤੇ ਜਨਗਣਨਾ ਕਾਂਗਰਸ ਪਾਰਟੀ ਹੀ ਕਰਵਾ ਸਕਦੀ ਹੈ। ਜਿਸ ਦਿਨ ਇਹ ਜਨਗਣਨਾ ਹੋ ਜਾਵੇਗੀ ਅਤੇ ਪਿਛੜੇ ਵਰਗਾਂ, ਆਦਿਵਾਸੀਆਂ ਤੇ ਦਲਿਤਾਂ ਨੂੰ ਗੱਲ ਸਮਝ ’ਚ ਆ ਜਾਵੇਗੀ ਤਾਂ ਉਸ ਦਿਨ ਤੋਂ ਦੇਸ਼ ਬਦਲ ਜਾਵੇਗਾ। ਉਨ੍ਹਾਂ ਕਿਹਾ ਕਿ ਗਰੀਬ, ਕਿਸਾਨ ਤੇ ਮਜ਼ਦੂਰ ਹੀ ‘ਭਾਰਤ ਮਾਤਾ’ ਹਨ ਅਤੇ ਭਾਰਤ ਮਾਤਾ ਦੀ ਜੈ ਤਾਂ ਹੀ ਹੋਵੇਗੀ ਜਦੋਂ ਦੇਸ਼ ਦੇ ਇਨ੍ਹਾਂ ਵਰਗਾਂ ਦੀ ਵਿਕਾਸ ’ਚ ਭਾਗੀਦਾਰੀ ਤੈਅ ਕੀਤੀ ਜਾਵੇਗੀ।-ਪੀਟੀਆਈ